ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨਾਂ ਵਜੋਂ ਰਜਿਸਟਰਾਰ ਡਾ. ਵਿਕਾਸ ਗੁਪਤਾ ਤੇ ਮੁਖੀ ਪੰਜਾਬੀ ਵਿਭਾਗ ਪ੍ਰੋ. ਰਵੀ ਰਵਿੰਦਰ ਤੋਂ ਇਲਾਵਾ ਜੁਆਇੰਟ ਰਜਿਸਟਰਾਰ ਡਾ. ਪ੍ਰਦੀਪ ਕੁਮਾਰ, ਜੁਆਇੰਟ ਰਜਿਸਟਰਾਰ ਅਕਾਦਮਿਕ ਰੋਹਨ ਰਾਇ ਤੇ ਡਿਪਟੀ ਰਜਿਸਟਰਾਰ ਪ੍ਰਸ਼ਾਂਤ ਡਾਗਰ ਆਦਿ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਸਾਖੀ ਦਾ ਸਬੰਧ ਖ਼ਾਲਸਾ ਪੰਥ ਦੀ ਸਾਜਨਾ ਦੇ ਨਾਲ ਹੈ। ਇਸ ਪੁਰਬ ਨੇ ਹਿੰਦੋਸਤਾਨ ਦੇ ਇਤਿਹਾਸ ਵਿਚ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ। ਮਹਿਮਾਨਾਂ ਨੇ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਸਾਡੇ ਜੰਗ-ਏ-ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਵਿਚ ਹਿੱਸਾ ਲਿਆ, ਜਿਸ ਵਿੱਚ ਕੁੜੀਆਂ ਵੱਲੋਂ ਲੁੱਡੀ, ਮੁੰਡਿਆਂ ਵਲੋਂ ਭੰਗੜਾ ਅਤੇ ਮਿਊਜ਼ਿਕ ਸੁਸਾਇਟੀ ਵੱਲੋਂ ਇਕ ਗੀਤ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਡਾ. ਯਸ਼ਪ੍ਰੀਤ ਕੌਰ ਨੇ ਮਿਰਜ਼ਾ ਅਤੇ ਛੱਲਾ ਗਾ ਕੇ ਦਰਸ਼ਕਾਂ ਦਾ ਮਨ ਮੋਹਿਆ। ਇਹ ਸਮਾਗਮ ਕਰੋਨਾ ਤੋਂ ਬਾਅਦ ਕਾਲਜ ਤੇ ਦਿੱਲੀ ਯੂਨੀਵਰਸਿਟੀ ਲਈ ਇੱਕ ਵੱਡਾ ਸੱਭਿਆਚਾਰਕ ਪ੍ਰੋਗਰਾਮ ਹੋ ਨਬਿੜਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਮੌਜੂਦ ਸੀ।
ਫਰੀਦਾਬਾਦ (ਪੱਤਰ ਪ੍ਰੇਰਕ): ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈ.ਐੱਮ.ਸੀ.ਏ., ਫਰੀਦਾਬਾਦ ਵੱਲੋਂ ਅੱਜ ਵਾਢੀ ਦਾ ਤਿਉਹਾਰ ਵਿਸਾਖੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੂੰ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਸ ਮੌਕੇ ਯੂਨੀਵਰਸਿਟੀ ਦੇ ਕਲਾਮ ਚੌਕ ਵਿੱਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ। ਵਿਸਾਖੀ ਦੇ ਮੌਕੇ ’ਤੇ ਵਾਈਸ ਚਾਂਸਲਰ ਪ੍ਰੋ. ਐੱਸ.ਕੇ ਤੋਮਰ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਖੁਸ਼ੀਆਂ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਕਲੱਬਾਂ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਲੋਕ ਨਾਚ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ।
ਵਿਸਾਖੀ ਮੌਕੇ ਬਾਜ਼ਾਰਾਂ ਵਿੱਚ ਦਿਖੀ ਭਾਈਚਾਰਕ ਸਾਂਝ
ਸਦਰ ਬਾਜ਼ਾਰ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਾਜ਼ਾਰਾਂ ਵਿੱਚ ਵਿਸਾਖੀ ਮਨਾਈ। ਜਿੱਥੇ ਕਈ ਥਾਈਂ ਆਪਸ ਵਿੱਚ ਕੁੜੱਤਣ ਬਣੀ ਹੋਈ ਹੈ, ਉੱਥੇ ਹੀ ਸਦਰ ਬਾਜ਼ਾਰ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦੇਖਣ ਨੂੰ ਮਿਲੀ। ਇਸ ਵਿੱਚ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਉਪ ਚੇਅਰਮੈਨ ਪਵਨ ਖੰਡੇਲਵਾਲ ਪ੍ਰਧਾਨ ਰਾਕੇਸ਼ ਯਾਦਵ, ਜਨਰਲ ਸਕੱਤਰ ਕਮਲ ਕੁਮਾਰ ਅਤੇ ਹਾਜੀ ਸਮੀਰ ਸਮੇਤ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਬਹੁਤ ਸਾਰੇ ਕਾਰੋਬਾਰੀ ਹਾਜ਼ਰ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ ਨੇ ਸਮੂਹ ਵਪਾਰੀਆਂ ਨੂੰ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਦਰ ਬਾਜ਼ਾਰ ਭਾਈਚਾਰਕ ਸਾਂਝ ਦੀ ਮਿਸਾਲ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਭਾਗ ਲੈ ਕੇ ਖੁਸ਼ੀਆਂ ਮਨਾਉਂਦੇ ਹਨ। ਇਸ ਮੌਕੇ ਸਤਪਾਲ ਸਿੰਘ ਮੰਗਾ ਨੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ, ਪਵਨ ਖੰਡੇਲਵਾਲ ਕਮਲ ਕੁਮਾਰ ਦਾ ਸਵਾਗਤ ਕੀਤਾ।