ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਦਿੱਲੀ ਸਟਰੀਟ ਆਰਟ ਮਿਸ਼ਨ ਵੱਲੋਂ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਦੇ ਕਿਨਾਰੇ ਬਣੀਆਂ ਇਮਾਰਤਾਂ ਨੂੰ ਕਲਾ ਨਾਲ ਸ਼ਿੰਗਾਰਿਆ ਹੈ ਤੇ ਟੋਕੀਓ ਉਲੰਪਿਕਸ ਦੇ ਜੇਤੂਆਂ ਦੀਆਂ ਤਸਵੀਰਾਂ, ਰੇਖਾ ਚਿੱਤਰ ਵਾਹ ਕੇ ਉਨ੍ਹਾਂ ਦੇ ਖੇਡਾਂ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਹੈ। ਇਸ ਤਰ੍ਹਾਂ ਦੀਆਂ ਪਂੇਟਿੰਗਸ ਤੇ ਕਲਾ ਕ੍ਰਿਤੀਆਂ ਸ਼ਹਿਰ ਦੀ ਸੁੰਦਰਤਾ ਵਧਾਉਂਦੀਆਂ ਹਨ। ਦਿੱਲੀ ਸਟਰੀਟ ਆਰਟ ਦੇ ਆਗੂ ਯੋਗੇਸ਼ ਸੈਣੀ ਨੇ ਦੱਸਿਆ ਕਿ ਟੋਕੀਓ ਉਲੰਪਿਕਸ ਤੇ ਟੋਕੀਓ ਪੈਰਾ ਉਲੰਪਿਕਸ ਦੇ ਜੇਤੂਆਂ ਦੇ ਚਿੱਤਰ ਬਣਾਏ ਗਏ ਹਨ। ਇਹ ਕਲਾ ਕ੍ਰਿਤੀਆਂ ਦੁਆਰਕਾ, ਮਧੁਬਨ ਚੌਕ, ਕਰੋਲ ਬਾਗ਼ ਤੇ ਹੋਰ ਥਾਵਾਂ ਵਿਖੇ ਇਮਾਰਤਾਂ ਦੀਆਂ ਵੱਡੀਆਂ ਕੰਧਾਂ ਨੂੰ ਸ਼ਿੰਗਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਦਿੱਲੀ ਨਗਰ ਨਿਗਮਾਂ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ ਜੋ ਇਸ ਤਰ੍ਹਾਂ ਦੀ ਕਲਾਕ੍ਰਿਤੀਆਂ ਲਈ ਮਦਦ ਕਰ ਰਹੀਆਂ ਹਨ। ਉੱਤਰ ਦਿੱਲੀ ਨਗਰ ਦੇ ਕੇਸ਼ਵਪੁਰਮ ਵਿਖੇ ਵੀ ਕਲਾ ਕ੍ਰਿਤੀਆਂ ਬਣਾਈਆਂ ਗਈਆਂ। ਇਨ੍ਹਾਂ ਪੇਂਟਿੰਗਸ ਤੋਂ ਆਮ ਲੋਕ, ਨੌਜਵਾਨ, ਖਿਡਾਰੀ ਪ੍ਰੇਰਨਾ ਲੈਣਗੇ ਤੇ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ। ਜਿਨ੍ਹਾਂ ਦੇ ਚਿੱਤਰ ਵੱਖ-ਵੱਖ ਇਲਾਕਿਆਂ ਵਿੱਚ ਬਣਾਏ ਗਏ ਹਨ, ਉਨ੍ਹਾਂ ਵਿੱਚ ਨੀਰਜ ਚੋਪੜਾ, ਬ੍ਰਿਜੇਸ਼ ਪੁਨੀਆ, ਮੀਰਾ ਬਾਈ ਚਾਨੂ ਤੇ ਹੋਰ ਜੇਤੂਆਂ ਤੋਂ ਇਲਾਵਾ ਪੈਰਾ ਉਲੰਪਿਕਸ ਦੇ ਜੇਤੂਆਂ ਭਾਵਨਾ ਪਟੇਲ, ਹਰਵਿੰਦਰ ਸਿੰਘ, ਅਵਾਨੀ ਲੇਖਰਾ ਤੇ ਹੋਰ ਖਿਡਾਰੀ ਸ਼ਾਮਲ ਹਨ।