ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਅਗਸਤ
ਦਿੱਲੀ ਅਸੈਂਬਲੀ ਦੀ ‘ਸ਼ਾਂਤੀ ਅਤੇ ਸਦਭਾਵਨਾ ਬਾਰੇ ਕਮੇਟੀ’ ਨੇ ਕਿਹਾ ਕਿ ਮੁੱਢਲੇ ਪੱਖ ਤੋਂ ਅਜਿਹਾ ਲੱਗਦਾ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਦਿੱਲੀ ਦੰਗਿਆਂ ’ਚ ਫੇਸਬੁੱਕ ਦੀ ਭੂਮਿਕਾ ਰਹੀ ਸੀ ਤੇ ਫੇਸਬੁੱਕ ਇੰਡੀਆ ਦੇ ਅਧਿਕਾਰੀਆਂ ਨੂੰ ਕਮੇਟੀ ਦੀ ਅਗਲੀ ਬੈਠਕ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਜਾਣਗੇ। ਕਮੇਟੀ ਨੇ ਕਿਹਾ ਕਿ ਫੇਸਬੁੱਕ ਨੂੰ ਦਿੱਲੀ ਦੰਗਿਆਂ ਵਿੱਚ ਸਹਿ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ।
ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇ ਜਾਂਚ ਏਜੰਸੀ ਨੂੰ ਪਤਾ ਲੱਗਿਆ ਹੈ ਕਿ ਫੇਸਬੁੱਕ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚ ਸੱਚਾਈ ਹੈ ਤਾਂ ਫਿਰ ਫੇਸਬੁੱਕ ਖ਼ਿਲਾਫ਼ ਇੱਕ ਪੂਰਕ ਦੋਸ਼ ਪੱਤਰ ਅਦਾਲਤ ਵਿੱਚ ਦਾਇਰ ਕੀਤਾ ਜਾਣਾ ਚਾਹੀਦਾ ਹੈ। ‘ਆਪ’ ਵਿਧਾਇਕ ਤੇ ਕਮੇਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੰਗਿਆਂ ਵਿਚ ਫੇਸਬੁੱਕ ਦੀ ਭੂਮਿਕਾ ਉੱਤੇ ਕਮੇਟੀ ਦਾ ਸਭ ਤੋਂ ਪਹਿਲਾਂ ਮੁੱਖ ਨਜ਼ਰੀਆ ਇਹ ਹੈ ਕਿ ਉਨ੍ਹਾਂ ਨੂੰ ਸਹਿ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਇਸ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਅਗਲੀ ਬੈਠਕ ਵਿਚ ਫੇਸਬੁੱਕ ਇੰਡੀਆ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਜਾਵੇਗਾ। ਉਨ੍ਹਾਂ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਜਾਣਗੇ। ਸ੍ਰੀ ਚੱਢਾ ਨੇ ਕਿਹਾ ਕਿ ਮੁਢਲਾ ਨਜ਼ਰੀਆ ਇਹ ਹੈ ਕਿ ਕੁਝ ਦੰਗਾਕਾਰ ਤੇ ਫੇਸਬੁੱਕ ਦੀ ਇੱਕ ‘ਪੂਰਵ-ਸਾਜ਼ਿਸ਼’ ਸੀ, ਜਿਸ ਕਾਰਨ ਫਰਵਰੀ ਵਿੱਚ ਦਿੱਲੀ ਦਾ ਮਾਹੌਲ ਵਿਗੜ ਗਿਆ ਤੇ ਉੱਤਰ-ਪੂਰਬੀ ਦਿੱਲੀ ਵਿੱਚ ਦੰਗੇ ਹੋਏ ਸਨ।
ਸ੍ਰੀ ਚੱਢਾ ਨੇ ਕਿਹਾ ਕਿ ਫੇਸਬੁੱਕ ਨੇ ਅਮਰੀਕਾ ਵਿੱਚ ਜੋ ਸਮੁਦਾਇਕ ਮਾਪਦੰਡ ਤੈਅ ਕੀਤੇ ਸਨ ਉਹ ਭਾਰਤ ਵਿੱਚ ਲਾਗੂ ਨਹੀਂ ਕੀਤੇ, ਜੋ ਉਸ ਦੇ ਦੋਹਰੇ ਮਿਆਰ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਉਪਰ ਜੋ ਸਮੱਗਰੀ ਪ੍ਰਸਾਰਿਤ ਕੀਤੀ ਗਈ ਉਸ ਤੋਂ ਇਹ ਕੋਸ਼ਿਸ਼ ਜਾਪਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਅੰਦਰ ਦੰਗੇ ਹੋ ਜਾਣ।
ਇਸ ਬਾਰੇ ਉਨ੍ਹਾਂ ਕਮੇਟੀ ਅੱਗੇ ਆਏ ਗਵਾਹਾਂ ਦਾ ਹਵਾਲਾ ਦਿੱਤਾ ਕਿ ਜੋ ਸਬੂਤ ਪੇਸ਼ ਕੀਤੇ ਗਏ ਹਨ ਜੋ ਹਰਕਤਾਂ, ਸਮੱਗਰੀ ਦਾ ਪ੍ਰਚਾਰ ਫੇਸਬੁੱਕ ਉਪਰ ਕੀਤਾ ਜਾ ਰਿਹਾ ਸੀ ਕਿ ਵੋਟਾਂ ਦਾ ਧਰੁਵੀਕਰਨ ਕੀਤਾ ਜਾਵੇ। ਭਾਈਚਾਰਕ ਮਾਹੌਲ ਵਿਗੜੇ। ਉਨ੍ਹਾਂ ਕਿਹਾ ਕਿ ਫੇਸਬੁੱਕ ਨੇ ਹੋਰ ਕਿਹੜੀਆਂ ਚੀਜ਼ਾਂ ਅੱਗੇ ਹੋਰ ਵਧਾਈਆਂ ਇਸ ਦੀ ਜਾਂਚ ਕਮੇਟੀ ਕਰੇਗੀ। ਉਨ੍ਹਾਂ ਕਿਹਾ ਕਿ ਜੋ ਦੋਸ਼ ਫੇਸਬੁੱਕ ਉਪਰ ਲੱਗੇ ਹਨ ਉਨ੍ਹਾਂ ਵਿੱਚ ਵਜ਼ਨ ਹੈ। ਅੱਜ ਤਿੰਨ ਗਵਾਹ ਪੇਸ਼ ਹੋਏ ਜੋ ਆਵੇਸ਼ ਤਿਵਾੜੀ, ਕੁਣਾਲ ਪ੍ਰੋਹਿਤ ਤੇ ਸੁਭਾਸ਼ ਗੜਕੇ ਹਨ (ਤਿੰਨੋਂ ਹੀ ਪੱਤਰਕਾਰ) ਨੇ ਫੇਸਬੁੱਕ ਉਪਰ ਨਜ਼ਰ ਰੱਖੀ ਤੇ ਸਬੂਤ ਕਮੇਟੀ ਅੱਗੇ ਰੱਖੇ ਹਨ।