ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਤਿੰਨ ਕੇਂਦਰੀ ਮੰਤਰੀਆਂ ਤੇ ਦਿੱਲੀ ਦੇ ਉਪ ਰਾਜਪਾਲ ਨੇ ਐਤਵਾਰ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਦਾ ਜਸ਼ਨ ਮਨਾਉਣ ਲਈ ਐੱਨਡੀਐੱਮਸੀ ਸਕੂਲ ਦੇ 10,000 ਵਿਦਿਆਰਥੀਆਂ ਨਾਲ ‘ਪ੍ਰਭਾਤ ਫੇਰੀ’ ਵਿੱਚ ਹਿੱਸਾ ਲਿਆ। ਪ੍ਰਭਾਤ ਫੇਰੀ ਜਨਪਥ ਰੇਡੀਏਲ ਤੋਂ ਸ਼ੁਰੂ ਹੋਈ ਤੇ ਇੰਡੀਆ ਗੇਟ ਸਥਿਤ ਨੈਸ਼ਨਲ ਵਾਰ ਮੈਮੋਰੀਅਲ ’ਤੇ ਸਮਾਪਤ ਹੋਈ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਸਮ੍ਰਿਤੀ ਇਰਾਨੀ ਅਤੇ ਮੀਨਾਕਸ਼ੀ ਲੇਖੀ ਸ਼ਾਮਲ ਹੋਏ। ਦਿੱਲੀ ਦੇ ਐੱਲਜੀ ਵਿਨੈ ਕੁਮਾਰ ਸਕਸੈਨਾ, ਨਵੀਂ ਦਿੱਲੀ ਨਗਰ ਨਿਗਮ ਦੇ ਚੇਅਰਮੈਨ ਅਸ਼ਵਨੀ ਕੁਮਾਰ, ਐੱਨਡੀਐੱਮਸੀ ਦੇ ਮੈਂਬਰ ਕੁਲਜੀਤ ਸਿੰਘ ਚਾਹਲ ਤੇ ਵਿਸ਼ਾਖਾ ਸੈਲਾਨੀ ਨੇ ਵੀ ਮਾਰਚ ਵਿੱਚ ਸ਼ਮੂਲੀਅਤ ਕੀਤੀ। ਐੱਲਜੀ ਨੇ ਕਿਹਾ ਕਿ ਬੱਚੇ ਭਾਰਤ ਦਾ ਉਜਵਲ ਭਵਿੱਖ ਹਨ, ਜੋ ‘ਹਰ ਘਰ ਤਿਰੰਗਾ ਮੁਹਿੰਮ’ ਦੇ ਗਵਾਹ ਹਨ। ਉਨ੍ਹਾਂ ਕਿਹਾ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਸਾਡੇ ਸੱਭਿਆਚਾਰ, ਵਿਰਸੇ ਅਤੇ ਆਜ਼ਾਦ ਭਾਰਤ ਦੇ 75 ਸਾਲਾਂ ਦੌਰਾਨ ਹਾਸਲ ਕੀਤੀਆਂ ਪ੍ਰਾਪਤੀਆਂ ਦਾ ਤਿਉਹਾਰ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਤ ਫੇਰੀ ਵਿੱਚ ਤਿਰੰਗਾ ਲੈ ਕੇ ਜਾਣ ਅਤੇ ਮੁਹਿੰਮ ਦੇ ਹਿੱਸੇ ਵਜੋਂ ਇਸ ਨੂੰ ਲਹਿਰਾਉਣ ਲਈ ਘਰ ਲੈ ਜਾਣ।
ਨਵੀਂ ਦਿੱਲੀ (ਕੁਲਦੀਪ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿੱਚ ਸਕੂਲ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬਿੀਰ ਸਿੰਘ ਦੀ ਅਗਵਾਈ ਵਿੱਚ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਕੂਲ ਵਿੱਚ ਵਿਸ਼ੇਸ਼ ‘ਪ੍ਰਾਰਥਨਾ ਸਭਾ’ ਕਰਵਾਈ ਗਈ। ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ 11 ਤੋਂ 17 ਅਗਸਤ ਤੱਕ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜਿਹੜਾ ਹਫ਼ਤਾ ਮਨਾਉਣ ਲਈ ਆਦੇਸ਼ ਜਾਰੀ ਕੀਤਾ ਗਿਆ ਸੀ, ਉਸ ਦੇ ਤਹਿਤ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਵੱਲੋਂ ਸਕੂਲ ਦੀ ਪ੍ਰਾਇਮਰੀ, ਮਿਡਲ, ਸੀਨੀਅਰ ਅਤੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ‘ਵਿਸ਼ੇਸ਼ ਅਸੈਂਬਲੀ’ ਕਰਵਾਈ ਜਾ ਰਹੀ ਹੈ। ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਅੰਤਰ ਹਾਊਸ ਮੁਕਾਬਲਿਆਂ ਦੇ ਤਹਿਤ ਤਿਰੰਗੇ ਝੰਡੇ ਦੇ ਰੰਗ ਵਾਲੇ ‘ਰਿਸਟ ਬੈਂਡ’ ਅਤੇ ‘ਬੈਜਜ਼’ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਟੇਜ ’ਤੇ ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਅਤੇ ਆਜ਼ਾਦੀ ਦੀ ਖਾਤਰ ਜਾਨਾਂ ਵਾਰਨ ਵਾਲੇ ਸੂਰਬੀਰਾਂ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਗਈਆਂ।
ਦਿੱਲੀ ਤਿਰੰਗਿਆਂ ਦਾ ਸ਼ਹਿਰ ਬਣਿਆ: ਕੇਜਰੀਵਾਲ
ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕਰਵਾਏ ‘ਹਰ ਹੱਥ ਤਿਰੰਗਾ’ ਪ੍ਰੋਗਰਾਮ ਨਾਲ ਭਾਰਤ ਦੀ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੇ ਕਿਹਾ ਕਿ ਦਿੱਲੀ ਤਿਰੰਗਿਆਂ ਦਾ ਸ਼ਹਿਰ ਬਣ ਗਿਆ ਹੈ। ਪੂਰੇ ਦਿੱਲੀ ਵਿੱਚ 500 ਹਾਈ ਮਾਸਟ ਕੌਮੀ ਝੰਡੇ ਇਸ ਉਦੇਸ਼ ਨਾਲ ਲਗਾਏ ਹਨ ਕਿ ਲੋਕ ਜਿੱਥੇ ਵੀ ਜਾਣ, ਕੌਮੀ ਝੰਡੇ ਨੂੰ ਵੇਖਣ ਤੇ ਦੇਸ਼ ਨੂੰ ਨਾ ਭੁੱਲਣ। ਮੁੱਖ ਮੰਤਰੀ ਕੇਜਰੀਵਾਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣ ਦਾ ਸੰਕਲਪ ਲੈਣ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੌਮੀ ਰਾਜਧਾਨੀ ਦੇ ਹਰ ਕੋਨੇ ਵਿੱਚ 25 ਲੱਖ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਤਿਰੰਗੇ ਵੰਡੇ ਹਨ।
ਡੀਐੱਮਆਰਸੀ ਨੇ 23 ਸਟੇਸ਼ਨਾਂ ’ਤੇ ਲਹਿਰਾਏ ਝੰਡੇ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ ਆਪਣੇ 23 ਸਟੇਸ਼ਨਾਂ ’ਤੇ ਕੌਮੀ ਝੰਡਾ ਲਹਿਰਾਇਆ। ਡੀਐੱਮਆਰਸੀ ਦੇ ਮੁਖੀ ਵਿਕਾਸ ਕੁਮਾਰ ਨੇ ਆਮ ਜਨਤਾ, ਯਾਤਰੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਮੌਜੂਦਗੀ ਵਿੱਚ ‘ਆਈਐੱਨਏ’ ਮੈਟਰੋ ਸਟੇਸ਼ਨ ਦੇ ਸਥਾਨ ’ਤੇ ਤਿਰੰਗਾ ਲਹਿਰਾਇਆ। ਜ਼ਿਕਰਯੋਗ ਹੈ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਮਨਾਏ ਜਾ ਰਹੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਤਹਿਤ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਕੇਂਦਰ ਸਰਕਾਰ ਨੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਘਰਾਂ ਜਾਂ ਦਫ਼ਤਰਾਂ ’ਤੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਹੈ। ਆਈਐੱਨਏ ਮੈਟਰੋ ਸਟੇਸ਼ਨ ’ਤੇ ਰਸਮੀ ਸਮਾਗਮ ਤੋਂ ਬਾਅਦ 22 ਹੋਰ ਮੈਟਰੋ ਸਟੇਸ਼ਨਾਂ ’ਤੇ ਜਨਤਾ, ਮੈਟਰੋ ਤੇ ਸੀਆਈਐਸਐੱਫ ਦੇ ਸਟਾਫ ਦੀ ਮੌਜੂਦਗੀ ਵਿੱਚ ਮੈਟਰੋ ਨੈੱਟਵਰਕ ਵਿੱਚ ਝੰਡੇ ਲਹਿਰਾਏ ਗਏ। ਦਿਲਸ਼ਾਦ ਗਾਰਡਨ, ਇੰਦਰਲੋਕ, ਵਿਧਾਨ ਸਭਾ, ਸਿਵਲ ਲਾਈਨਜ਼, ਕਸ਼ਮੀਰੇ ਗੇਟ, ਚਾਂਦਨੀ ਚੌਕ, ਰਾਜੀਵ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ, ਲੋਕ ਕਲਿਆਣ ਮਾਰਗ, ਜੋਰ ਬਾਗ, ਬਾਰਾਖੰਬਾ ਰੋਡ, ਮੰਡੀ ਹਾਊਸ, ਸੁਪਰੀਮ ਕੋਰਟ, ਜੇਐੱਲਐੱਨ ਸਟੇਡੀਅਮ, ਲਾਜਪਤ ਨਗਰ, ਨਹਿਰੂ ਪਲੇਸ, ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਧੌਲਾ ਕੁਆਨ, ਐਰੋਸਿਟੀ ਅਤੇ ਦਵਾਰਕਾ ਸੈਕਟਰ-21 ਮੈਟਰੋ ਸਟੇਸ਼ਨ ਸ਼ਾਮਲ ਹਨ। ਦਿੱਲੀ ਮੈਟਰੋ ਵੱਖ-ਵੱਖ ਪਹਿਲਕਦਮੀਆਂ ਨਾਲ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ। ਮੁਹਿੰਮ ਦੇ ਹਿੱਸੇ ਵਜੋਂ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਵਾਲੀਆਂ ਰਚਨਾਵਾਂ ਨੂੰ ਸਟੇਸ਼ਨਾਂ, ਰੇਲ ਗੱਡੀਆਂ ਦੇ ਅੰਦਰ ਅਤੇ ਮੈਟਰੋ ਕੰਪਲੈਕਸਾਂ ’ਤੇ ਡਿਸਪਲੇਅ ਸਕਰੀਨਾਂ ’ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਬਿਨਾ ਇਜਾਜ਼ਤ ਤਿਰੰਗਾ ਯਾਤਰਾ ਕੱਢਣ ’ਤੇ ਛੇ ਖ਼ਿਲਾਫ਼ ਕੇਸ
ਵੀਆਈਪੀ ਮੂਵਮੈਂਟ ਲਈ ਸੁਰੱਖਿਆ ਤਾਇਨਾਤ ਅਭਿਆਸ ਦੌਰਾਨ ਬਿਨਾਂ ਇਜਾਜ਼ਤ ‘ਤਿਰੰਗਾ ਯਾਤਰਾ’ ਕੱਢਣ ਦੇ ਦੋਸ਼ ਹੇਠ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਅਮ੍ਰਿਤਾ ਗੁਗੂਲੋਥ ਨੇ ਦੱਸਿਆ ਕਿ ਵੀਆਈਪੀ ਰਿਹਰਸਲ ਦੀ ਤਾਇਨਾਤੀ ਮੌਕੇ ਕੁਝ ਲੋਕਾਂ ਨੇ ਬਿਨਾਂ ਇਜਾਜ਼ਤ ਮਾਰਚ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤੁਗਲਕ ਰੋਡ ਪੁਲੀਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਦੇ ਜਨਰਲ ਸਕੱਤਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਯਾਤਰਾ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਆਜ਼ਾਦੀ ਦਿਹਾੜਾ ਸ਼ਹੀਦਾਂ ਦੀ ਕੁਰਬਾਨੀ ਦਾ ਪ੍ਰਤੀਕ: ਆਈਜੀ ਜਗਜੀਤ ਸਿੰਘ
ਜੀਂਦ (ਮਹਾਂਵੀਰ ਮਿੱਤਲ): ਜ਼ਿਲ੍ਹਾ ਜੀਂਦ ਜੇਲ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਜੀਂਦ ਜ਼ਿਲ੍ਹਾ ਜੇਲ੍ਹ ਪਰਿਸਰ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਉੱਤੇ ਅੰਮ੍ਰਿਤ ਮਹਾਉਤਸਵ ਮਨਾਇਆ। ਇਸ ਮੌਕੇ ਆਈਜੀ ਜੇਲ੍ਹ ਹਰਿਆਣਾ ਜਗਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਨੂੰ ਲੈਕੇ ਅਸੀਂ ਸਾਰੇ ਦੇਸ਼ ਵਾਸੀ ਮਿਲਕੇ 75ਵੀਂ ਵਰ੍ਹੇਗੰਢ ਉੱਤੇ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ। ਇਹ ਆਜ਼ਾਦੀ ਸਾਨੂੰ ਉਨ੍ਹਾਂ ਮਹਾਂ-ਪੁਰਸ਼ਾਂ, ਵੀਰ ਨੌਜਵਾਨਾਂ, ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ।