ਨਵੀਂ ਦਿੱਲੀ, 18 ਜੁਲਾਈ
ਇੱਥੇ ਹੈਦਰਪੁਰ ਵਾਟਰ ਟਰੀਟਮੈਂਟ ਪਲਾਂਟ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਮੁਲਜ਼ਮ ਦੀ ਪਛਾਣ ਪ੍ਰਬੀਨ ਰਾਏ (32) ਵਜੋਂ ਹੋਈ ਹੈ। ਉਸ ਨੇ ਮਗਰੋਂ ਆਤਮ-ਸਮਰਪਣ ਕਰ ਦਿੱਤਾ। ਮੁਲਜ਼ਮ ਤੇ ਮਾਰੇ ਗਏ ਤਿੰਨੋਂ ਜਵਾਨ ਸਿੱਕਮ ਪੁਲੀਸ ਨਾਲ ਸਬੰਧਤ ਹਨ। ਇਨ੍ਹਾਂ ਨੂੰ ਭਾਰਤੀ ਰਿਜ਼ਰਵ ਬਟਾਲੀਅਨ (ਆਈਆਰਬੀ) ਤਹਿਤ ਪਲਾਂਟ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਪਲਾਂਟ ਵਿੱਚ ਗੋਲੀ ਚੱਲਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ, ‘‘ਜਦੋਂ ਉਹ ਘਟਨਾ ਸਥਾਨ ’ਤੇ ਪੁੱਜੇ ਤਾਂ ਸਿੱਕਮ ਪੁਲੀਸ ਨਾਲ ਸਬੰਧਤ ਤਿੰਨ ਜਵਾਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਦੋ ਮੌਕੇ ’ਤੇ ਦਮ ਤੋੜ ਚੁੱਕੇ ਸਨ, ਜਦੋਂਕਿ ਇੱਕ ਜ਼ਖ਼ਮੀ ਸੀ। ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’’ ਅਧਿਕਾਰੀ ਮੁਤਾਬਕ, ਮੁਲਜ਼ਮ ਨੇ ਸਮੇਂਪੁਰ ਬਾਦਲੀ ਪੁਲੀਸ ਸਟੇਸ਼ਨ ’ਚ ਆਤਮ-ਸਮਰਪਣ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਦੀ ਪਤਨੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਕਮਾਂਡਰ ਪਿੰਟੋ ਨਮਗਿਆਲ ਭੂਟੀਆ, ਕਾਂਸਟੇਬਲ ਇੰਦਰਾ ਲਾਲ ਛੇਤਰੀ ਤੇ ਧਨਹਾਂਗ ਸੁੱਬਾ ਵਜੋਂ ਹੋਈ ਹੈ। -ਪੀਟੀਆਈ