ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਪੁਲੀਸ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਸ਼ਹਿਰ ਦੀ ਪੁਲੀਸ ਦੀ ਵਿਸ਼ੇਸ਼ ਸੁਰੱਖਿਆ ਯੂਨਿਟ ਨੇ ਸਾਰੀਆਂ ਸੱਤ ਜ਼ਿਲ੍ਹਾ ਅਦਾਲਤਾਂ ਦੀ ਸੁਰੱਖਿਆ ਆਪਣੇ ਹੱਥਾਂ ਵਿੱਚ ਲੈ ਲਈ ਹੈ। ਰੋਹਿਣੀ ਅਦਾਲਤ ਦੀ ਗੋਲੀਬਾਰੀ ਤੋਂ ਬਾਅਦ ਲੋੜੀਂਦੇ ਸੁਰੱਖਿਆ ਪ੍ਰਬੰਧ ਤੇ ਸਟਾਫ ਤਾਇਨਾਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਦੋ ਜਣਿਆਂ ਰਾਹੁਲ ਤਿਆਗੀ ਤੇ ਜਗਦੀਪ ਜੱਗਾ ਨੇ ਕਥਿਤ ਤੌਰ ’ਤੇ ਵਕੀਲਾਂ ਦੇ ਰੂਪ ਵਿੱਚ ਰੋਹਿਣੀ ਅਦਾਲਤ ਦੇ ਕਮਰੇ ਵਿੱਚ ਦਾਖ਼ਲ ਹੋਣ ਕੇ ਜੇਲ੍ਹ ਵਿੱਚ ਬੰਦ ਗੈਂਗਸਟਰ ਜਿਤੇਂਦਰ ਮਾਨ ਉਰਫ਼ ਗੋਗੀ ’ਤੇ ਕਈ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਮੌਕੇ ’ਤੇ ਹੀ ਮਾਰ ਦਿੱਤਾ ਸੀ।
ਦਿੱਲੀ ਪੁਲੀਸ ਨੇ ਅੱਜ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਅਦਾਲਤ ਵਿੱਚ ਲਗਾਏ ਗਏ ਸੁਰੱਖਿਆ ਯੰਤਰ ਪੁਰਾਣੇ ਹਨ ਤੇ ਇਨ੍ਹਾਂ ਨੂੰ ‘ਉੱਚ-ਰੈਜ਼ੋਲਿਊਸ਼ਨ ਸੀਸੀਟੀਵੀ’ ਤੇ ਮਾਨੀਟਰਾਂ ਨਾਲ ਅਪਡੇਟ ਕੀਤਾ ਜਾਣਾ ਚਾਹੀਦਾ ਹੈ, 360 ਡਿਗਰੀ ਵਾਹਨ ਸਕੈਨਿੰਗ ਆਰਐਫ ਟੈਗ/ ਬਾਰ ਕੋਡ ਰੀਡਰ ਸਹੂਲਤਾਂ, ਸਕੈਨਰਾਂ ਨਾਲ ਸਾਮਾਨ ਅਤੇ ਬੈਗ ਦੀ ਜਾਂਚ ਲਈ ਵਿਸਫੋਟਕ ਤੇ ਐਨਡੀਪੀਐਸ ਜਾਂਚ ਲਈ ਸਕੈਨਰ ਹੋਣੇ ਚਾਹੀਦੇ ਹਨ। ਦਿੱਲੀ ਪੁਲੀਸ ਨੇ ਅਦਾਲਤ ਨੂੰ ਸੁਝਾਅ ਦਿੱਤਾ ਕਿ ਜ਼ਿਲ੍ਹਾ ਅਦਾਲਤਾਂ ਨੂੰ ਇਹ ਸੁਰੱਖਿਆ ਯੰਤਰ ਤੇ ਲੌਜਿਸਟਿਕਸ ਹਰ ਅਦਾਲਤ ਦੀ ਸੁਰੱਖਿਆ ਇਕਾਈ ਨੂੰ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ। ਅਦਾਲਤਾਂ ਦੀ ਚਾਰ ਦੀਵਾਰੀ ’ਤੇ ਤਾਰਾਂ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਅਦਾਲਤ ਦੇ ਅਹਾਤੇ ਵਿੱਚ ਗ਼ੈਰ-ਜ਼ਰੂਰੀ ਦਾਖ਼ਲੇ ਨੂੰ ਰੋਕਿਆ ਜਾ ਸਕੇ। ਜਸਟਿਸ ਡੀ ਐਨ ਪਟੇਲ ਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਨੇ ਇਸ ਮਾਮਲੇ ਨੂੰ ਅਗਲੇ ਮੰਗਲਵਾਰ ’ਤੇ ਪਾ ਦਿੱਤਾ ਹੈ। ਬਾਰ ਐਸੋਸੀਏਸ਼ਨ ਸਣੇ ਹੋਰ ਧਿਰਾਂ ਨੂੰ ਜਵਾਬ ਤੇ ਸੁਝਾਅ ਦਾਇਰ ਕਰਨ ਲਈ ਕਿਹਾ ਹੈ।