ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਪੁਲੀਸ ਵੱਲੋਂ ਕੌਮੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ 4500 ਕਿਲੋ ਤੋਂ ਵੱਧ ਪਟਾਕੇ ਬਰਾਮਦ ਕੀਤੇ ਗਏ ਹਨ ਤੇ ਕਰੀਬ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬੀਤੇ ਦਿਨੀਂ ਵੀ ਕਈ ਥਾਵਾਂ ਉਪਰ ਛਾਪੇ ਜਾਰੀ ਰਹੇ। ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਪੱਛਮੀ ਦਿੱਲੀ ’ਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਕੋਲੋਂ 500 ਕਿਲੋਗ੍ਰਾਮ ਨਾਜਾਇਜ਼ ਪਟਾਕੇ ਬਰਾਮਦ ਕੀਤੇ। ਕੌਮੀ ਰਾਜਧਾਨੀ ’ਚ ਪਟਾਕਿਆਂ ਦੀ ਵਿਕਰੀ ਜਾਂ ਰੱਖਣ ’ਤੇ ਪਾਬੰਦੀ ਹੈ। ਪੁਲੀਸ ਨੇ ਕਾਬੂ ਕੀਤੇ ਵਿਅਕਤੀਆਂ ਕੋਲੋਂ ਕੁੱਲ 506 ਕਿਲੋ ਪਟਾਕੇ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਕਿਰਨ ਖੁਰਾਣਾ, ਸੰਜੇ ਕੁਮਾਰ, ਅਨੁਰਾਧਾ ਖੇਂਡਲਵਾਲ, ਰਾਜੇਸ਼ ਤਲੂਜਾ ਅਤੇ ਅਜੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪਟਾਕਿਆਂ ਨੂੰ ਬਾਜ਼ਾਰ ’ਚ ਵੇਚਣ ਦੇ ਮਕਸਦ ਨਾਲ ਸਟੋਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਇਸ ਮਹੀਨੇ ਘੱਟੋ-ਘੱਟ 26 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 4,000 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਹਨ। ਪ੍ਰਣਵ ਤਾਇਲ, ਡੀਸੀਪੀ (ਰੋਹਿਣੀ) ਨੇ ਕਿਹਾ ਕਿ ਤਿੰਨ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਉਹ ਦਿੱਲੀ ਵਿੱਚ ਪਟਾਕੇ ਵੇਚਦੇ ਪਾਏ ਗਏ ਸਨ। ਉਨ੍ਹਾਂ ਕੋਲੋਂ 1,174 ਕਿਲੋਗ੍ਰਾਮ ਪਟਾਕੇ ਬਰਾਮਦ ਕੀਤੇ ਹਨ। ਮੱਧ ਦਿੱਲੀ ਵਿੱਚ ਜਿੱਥੇ ਚਾਂਦਨੀ ਚੌਕ, ਪਹਾੜਗੰਜ, ਕਰੋਲ ਬਾਗ ਅਤੇ ਹੋਰ ਬਾਜ਼ਾਰ ਖੇਤਰਾਂ ਵਿੱਚ ਕਈ ਪਟਾਕੇ ਵੇਚਦੇ ਹਨ, ਪੁਲੀਸ ਨੇ 286 ਕਿਲੋ ਤੋਂ ਵੱਧ ਪਟਾਕੇ ਜ਼ਬਤ ਕੀਤੇ ਹਨ। ਸ਼ਵੇਤਾ ਚੌਹਾਨ, ਡੀਸੀਪੀ (ਕੇਂਦਰੀ) ਨੇ ਕਿਹਾ ਕਿ ਸਾਡੀਆਂ ਟੀਮਾਂ ਸਾਰੇ ਵਿਕਰੇਤਾਵਾਂ ’ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ। ਆਮ ਤੌਰ ’ਤੇ ਪਟਾਕੇ ਵੇਚਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਕੁਝ ਲੋਕ ਵੱਖ-ਵੱਖ ਰਾਜਾਂ ਤੋਂ ਪਟਾਕੇ ਲੈ ਕੇ ਉਨ੍ਹਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹਨ ਪਰ ਸਾਡੇ ਕੋਲ ਆਪਣੇ ਸਰੋਤ ਹਨ। ਸੂਚਨਾ ਮਿਲਦੇ ਹੀ ਸਾਡੀਆਂ ਟੀਮਾਂ ਮੁਲਜ਼ਮਾਂ ਨੂੰ ਫੜ ਲੈਂਦੀਆਂ ਹਨ। ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਉੱਤਰੀ ਦਿੱਲੀ ਵਿੱਚ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਪਟਾਕੇ ਵੇਚਣ ਲਈ ਸਦਰ ਬਾਜ਼ਾਰ ਵਰਗੇ ਖੇਤਰਾਂ ਵਿੱਚ ਗੋਦਾਮ ਕਿਰਾਏ ’ਤੇ ਲੈਣ ਵਾਲੇ ਵਿਕਰੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹੇ ਦੀ ਟੀਮ ਨੇ ਪਿਛਲੇ ਦੋ ਹਫ਼ਤਿਆਂ ਵਿੱਚ 500 ਕਿਲੋ ਪਟਾਕੇ ਜ਼ਬਤ ਕੀਤੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਟਾਕੇ ਯੂਪੀ ਤੋਂ ਲਿਆਂਦੇ ਗਏ ਸਨ। ਊਸ਼ਾ ਰੰਗਨਾਨੀ, ਡੀਸੀਪੀ (ਉੱਤਰ ਪੱਛਮੀ ਜ਼ਿਲ੍ਹਾ) ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮਹਿੰਦਰਾ ਪਾਰਕ ਤੇ ਸੁਭਾਸ਼ ਪਲੇਸ ਤੋਂ 300 ਕਿਲੋਗ੍ਰਾਮ ਤੋਂ ਵੱਧ ਪਟਾਕੇ ਜ਼ਬਤ ਕੀਤੇ ਹਨ। ਦਿੱਲੀ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 8-10 ਜ਼ਿਲ੍ਹਿਆਂ ਤੋਂ 23 ਤੋਂ ਵੱਧ ਮਾਮਲੇ ਦਰਜ ਕੀਤੇ ਹਨ ਅਤੇ 3,588 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਹਨ। ਉੱਤਰੀ ਦਿੱਲੀ ਜ਼ਿਲ੍ਹਾ ਟੀਮ ਨੇ ਪਿਛਲੇ ਦੋ ਹਫ਼ਤਿਆਂ ਵਿੱਚ 1,543 ਕਿਲੋ ਪਟਾਕੇ ਜ਼ਬਤ ਕੀਤੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਟਾਕੇ ਉੱਤਰ ਪ੍ਰਦੇਸ਼ ਦੇ ਹਾਥਰਸ ਅਤੇ ਮੇਰਠ ਤੋਂ ਖਰੀਦੇ ਗਏ ਸਨ। ਸਾਗਰ ਸਿੰਘ ਕਲਸੀ, ਡੀਸੀਪੀ (ਉੱਤਰੀ) ਨੇ ਕਿਹਾ ਕਿ ਪੰਜ ਕੇਸ ਦਰਜ ਕੀਤੇ ਹਨ ਅਤੇ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕਾਰਾਂ ਅਤੇ ਟੈਂਪੂਆਂ ਵਿੱਚ ਫੜਿਆ ਗਿਆ ਸੀ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਪਟਾਕੇ ਜ਼ਬਤ ਕੀਤੇ ਗਏ ਹਨ। ਇਲਾਕੇ ਵਿੱਚ ਨਾਕਿਆਂ ਨੂੰ ਮਜ਼ਬੂਤ ਕਰ ਦਿੱਤਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੀ ਭਾਲ ਲਈ ਗਸ਼ਤ ਟੀਮਾਂ ਨੂੰ ਸਦਰ ਬਾਜ਼ਾਰ ਅਤੇ ਨੇੜਲੇ ਬਾਜ਼ਾਰਾਂ ਵਿੱਚ ਭੇਜਿਆ ਗਿਆ ਹੈ। ਇੱਕ ਮੁਲਜ਼ਮ ਨੂੰ ਸੋਨੀਆ ਵਿਹਾਰ ਦੇ ਇੱਕ ਗੋਦਾਮ ਵਿੱਚੋਂ ਜਦਕਿ ਦੋ ਵਿਅਕਤੀ ਇੱਕ ਹੋਟਲ ਦੇ ਬਾਹਰ ਬੋਲੈਰੋ ਵਿੱਚ ਬੈਠੇ ਹੋਏ ਫੜੇ ਗਏ। ਦੇਰ ਰਾਤ ਮੁਲਜ਼ਮ ਨੂੰ 500 ਕਿਲੋ ਪਟਾਕਿਆਂ ਸਮੇਤ ਫੜ ਲਿਆ।
2800 ਅੱਗ ਬੁਝਾਊ ਦਸਤੇ ਚੌਕਸ,30 ਵਾਧੂ ਅੱਗ ਬੁਝਾਊ ਕੇਂਦਰ ਬਣਾਏ
ਕੌਮੀ ਰਾਜਧਾਨੀ ਵਿੱਚ ਉਨ੍ਹਾਂ ਇਲਾਕਿਆਂ ਵਿੱਚ ਅੱਗ ਬੁਝਾਊ ਦਸਤਿਆਂ ਨੂੰ ਚੌਕਸ ਕੀਤਾ ਗਿਆ ਹੈ, ਜਿੱਥੇ ਜ਼ਿਆਦਾ ਭੀੜ ਹੋਣ ਕਾਰਨ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਰਜੀ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਇਸ ਵਾਰ ਪਟਾਕੇ ਘੱਟ ਗਿਣਤੀ ਵਿੱਚ ਚਲਾਉਣ ਦੀ ਉਮੀਦ ਹੈ ਕਿਉਂਕਿ ਦਿੱਲੀ ਵਿੱਚ ਪਟਾਕਿਆਂ ਉਪਰ ਮੁਕੰਮਲ ਪਾਬੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਇਸ ਦੀਵਾਲੀ ਦੌਰਾਨ ਪੂਰੇ ਸ਼ਹਿਰ ਵਿੱਚ 2,800 ਤੋਂ ਵੱਧ ਫਾਇਰ ਫਾਈਟਰਾਂ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ। ਫਾਇਰ ਸਰਵਿਸਿਜ਼ ਨੇ ਪਟਾਕੇ ਫਟਣ ਕਾਰਨ ਸਬੰਧਤ ਅੱਗ ਬਾਰੇ ਕਾਲਾਂ ਨਾਲ ਨਜਿੱਠਣ ਲਈ ਦੀਵਾਲੀ ਦੌਰਾਨ ਹਸਪਤਾਲਾਂ, ਰਿਹਾਇਸ਼ੀ ਖੇਤਰਾਂ ਅਤੇ ਬਾਜ਼ਾਰਾਂ ਦੇ ਨੇੜੇ 30 ਨਵੇਂ ਫਾਇਰ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਵਿਭਾਗ ਕੋਲ ਪਹਿਲਾਂ ਹੀ ਸ਼ਹਿਰ ਵਿੱਚ 64 ਫਾਇਰ ਸਟੇਸ਼ਨ ਹਨ। ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਸਾਨੂੰ ਦੀਵਾਲੀ ’ਤੇ ਸੈਂਕੜੇ ਕਾਲਾਂ ਦੀ ਉਮੀਦ ਹੈ ਤੇ ਪ੍ਰਬੰਧਾਂ ਨੂੰ ਵਧਾਉਣ ਦੀ ਲੋੜ ਹੈ। ਫਾਇਰ ਯੂਨਿਟਾਂ ਨੂੰ 3 ਤੇ 4 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ।
ਪੁਲੀਸ ਤੇ ਐੱਸਡੀਐੱਮ ਪਟਾਕਿਆਂ ਵਿਕਰੀ ’ਤੇ ਨਜ਼ਰ ਰੱਖਣ ਦੇ ਨਿਰਦੇਸ਼
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਪੁਲੀਸ ਤੇ ਐੱਸਡੀਐੱਮਸ ਨੂੰ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ 24 ਘੰਟੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਸ ਕਰਕੇ ਦਿੱਲੀ ਦੇ ਸਰਹੱਦੀ ਖੇਤਰ ਵਿੱਚ ਵਿਸ਼ੇਸ਼ ਚੌਕਸੀ ਰੱਖੀ ਜਾਵੇਗੀ। ਇਸ ਸਬੰਧੀ ਡੀਪੀਸੀਸੀ ਨੇ ਦਿੱਲੀ ਪੁਲੀਸ ਤੇ ਐੱਸਡੀਐੱਮ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਹੁਣ ਤੱਕ 12,957 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਜਾ ਚੁੱਕੇ ਹਨ ਤੇ ਪਟਾਕਾ ਵਿਰੋਧੀ ਮੁਹਿੰਮ ਤਹਿਤ 32 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਦਾ ਹੈ, ਇਸ ਲਈ ਦੀਵੇ ਜਗਾ ਕੇ ਦੀਵਾਲੀ ਮਨਾਉਣ। ਮੰਤਰੀ ਨੇ ਅੱਜ ਕਿਹਾ ਕਿ ਦਿੱਲੀ ਪੁਲੀਸ ਅਤੇ ਐੱਸਡੀਐੱਮ ਨੂੰ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ 24 ਘੰਟੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਟਾਕਿਆਂ ਦੀ ਖਰੀਦ, ਵਿਕਰੀ ਤੇ ਸਾੜਨ ਨੂੰ ਰੋਕਿਆ ਜਾ ਸਕੇ। ਦਿੱਲੀ ਸਰਕਾਰ ਨੇ 27 ਅਕਤੂਬਰ ਤੋਂ ‘ਪਟਾਕੇ ਨਾ ਚਲਾਓ, ਦੀਆ ਜਲਾਓ’ ਮੁਹਿੰਮ ਸ਼ੁਰੂ ਕੀਤੀ ਹੈ।