ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਮਰੀਜ਼ਾ ਦੀ ਪਾਜ਼ੇਟਿਵ ਦਰ 2 ਫ਼ੀਸਦ ਤੋਂ ਹੇਠਾਂ ਆਉਣ ਕਰਕੇ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਦਿੱਲੀ ਵਿੱਚ ਚੱਲ ਰਹੇ ਲੌਕਡਾਊਨ ਨੂੰ ਹਟਾਉਣ ਲਈ ਸਿਲਸਿਲੇਵਾਰ ਅਨਲੌਕ ਕਰਨ ਦੇ ਐਲਾਨ ਮਗਰੋਂ ਦਿੱਲੀ ਪੁਲੀਸ ਨੇ ਤਿਆਰੀ ਖਿੱਚ ਲਈ ਹੈ। ਦਿੱਲੀ ਪੁਲੀਸ ਕਮਿਸ਼ਨਰ ਐੱਸਐਨ ਸ੍ਰੀਵਾਸਤਵ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੋਰ ਅਧਿਕਾਰੀਆਂ ਨਾਲ ਆਨਲਾਈਨ ਬੈਠਕ ਕੀਤੀ ਤੇ ਅਨਲੌਕ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਬੈਠਕ ਵਿੱਚ ਅਨਲੌਕ ਹੋਣ ਮਗਰੋਂ ਲੋਕਾਂ ਦੇ ਘਰਾਂ ਵਿੱਚੋਂ ਬਾਜ਼ਾਰਾਂ, ਗਲੀਆਂ ਤੇ ਹੋਰ ਥਾਵਾਂ ਲਈ ਨਿਕਲਣ ਸਬੰਧੀ ਗਸ਼ਤ ਕਰਨ ਵਾਲਿਆਂ ਤੇ ਫੀਲਡ ਸਟਾਫ਼ ਨੂੰ ਇਲਾਕਿਆਂ ਦੇ ਆਧਾਰ ’ਤੇ ਪਾਜ਼ੇਟਿਵ ਦਰ ਅਨੁਸਾਰ ਨਿਸ਼ਾਨਦੇਹੀ ਕਰਨ ਸਮੇਤ ਉੱਥੇ ਸਮਾਜ ਦੂਰੀਆਂ ਦੇ ਨੇਮਾਂ ਦੀ ਕਰੜਾਈ ਨਾਲ ਪਾਲਣਾ ਕਰਨ ਬਾਰੇ ਹਦਾਇਤਾਂ ਦਿੱਤੀਆਂ।