ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜਨਵਰੀ
ਇਥੇ ਦਿੱਲੀ ਵਿੱਚ ਦਾਖਲ ਹੋਏ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਲਾਲ ਕਿਲ੍ਹੇ ਵਿੱਚ ਪੁੱਜ ਗਏ ਹਨ ਤੇ ਉਨ੍ਹਾਂ ਨੇ ਉਥੇ ਆਪਣਾ ਝੰਡਾ ਲਹਿਰਾ ਦਿੱਤਾ।ਉਨ੍ਹਾਂ ਨਾਲ ਔਰਤਾਂ ਵੀ ਸਨ। ਪੁਲੀਸ ਨੇ ਡੇਢ ਘੰਟੇ ਦੀ ਜੱਦੋਜਹਿਦ ਬਾਅਦ ਕਿਸਾਨਾਂ ਨੂੰ ਲਾਲ ਕਿਲ੍ਹੇ ਵਿੱਚੋਂ ਹਟਾ ਦਿੱਤਾ। ਇਸ ਲਈ ਉਸ ਨੇ ਲਾਠੀਚਾਰਜ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਆਈਟੀਓ ਵਿੱਚ ਪੁਲੀਸ ਨਾਲ ਝੜਪ ਹੋਈ। ਆਈਟੀਓ ਵਿੱਚ ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ ਹੋ ਗਈ। ਉਹ ਉੱਤਰਾਖੰਡ ਦੇ ਰਾਮਪੁਰ ਦੀ ਬਿਲਾਸਪੁਰ ਤਹਿਸੀਲ ਦੇ ਪਿੰਡ ਡਬਿਡਬਿੇ ਦਾ ਵਾਸੀ ਸੀ।ਇਸ ਤੋਂ ਪਹਿਲਾਂ ਮਕਰਬਾ ਚੌਕ ਤੱਕ ਪੁੱਜੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਇਸ ਕਾਰਨ ਉਥੇ ਹਾਲਾਤ ਤਣਾਅਪੂਰਨ ਹੋ ਗਏ ਹਨ। ਪ੍ਰਾਪਤ ਸੂਚਨਾ ਮੁਤਾਬਕ ਇਸ ਹਿੰਸਾ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਤੇ ਪੁਲੀਸ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਬੱਸਾਂ ਤੇ ਕਾਰਾਂ ਦੀ ਭੰਨ ਤੋੜ ਕੀਤੀ ਗਈ। ਕਿਸਾਨ ਪੁਲੀਸ ਰੋਕਾਂ ਤੋੜ ਕੇ ਪੈਦਲ ਹੀ ਅੱਗੇ ਵਧ ਗਏ।ਇਸ ਦੌਰਾਨ ਗਾਜ਼ੀਪੁਰ ਬਾਰਡਰ ਦੀ ਪਰੇਡ ਅਕਸ਼ਰਧਾਮ ਪੁੱਜੀ ਤੇ ਪੁਲੀਸ ਨੇ ਉਸ ’ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਉਧਰ ਟਿਕਰੀ ਬਾਰਡਰ ਤੋਂ ਸ਼ੁਰੂ ਹੋਈ ਪਰੇਡ ਨੂੰ ਨਾਂਗਲੋਈ ਵਿੱਚ ਰੋਕ ਲਿਆ ਤੇ ਬਾਅਦ ਦੁਪਹਿਰ ਨਾਂਗਲੋਈ ਵਿੱਚ ਵਿਆਪਕ ਹਿੰਸਾ ਹੋਈ। ਤਣਾਅਪੂਰਨ ਹਾਲਾਤ ਕਾਰਨ ਦਿੱਲੀ ਦੇ 20 ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਨਾ ਕੋਈ ਜਾ ਸਕਦਾ ਹੈ ਤੇ ਨਾ ਬਾਹਰ ਆ ਸਕਦਾ ਹੈ।