ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਦਿੱਲੀ ਪੁਲੀਸ ਨੇ ਇੱਕ ਆਡੀਓ ਗਰੁੱਪ ਵਿੱਚ ਮੁਸਲਿਮ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਆਨਲਾਈਨ ਸਾਈਟ ਕਲੱਬ ਹਾਊਸ ਅਤੇ ਗੂਗਲ ਨੂੰ ਇੱਕ ਨੋਟਿਸ ਭੇਜ ਕੇ ਚੈਟ ਦੇ ਸਮੂਹ ਭਾਗੀਦਾਰਾਂ ਬਾਰੇ ਵੇਰਵਾ ਮੰਗਿਆ ਹੈ। ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪਰੇਸ਼ਨ ਯੂਨਿਟ, ਜੋ ਸਪੈਸ਼ਲ ਸੈੱਲ ਦੇ ਅਧੀਨ ਕੰਮ ਕਰਦੀ ਹੈ, ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਨੇ ਕਲੱਬ ਹਾਊਸ ’ਤੇ ਇੱਕ ਸੈਸ਼ਨ ਦੌਰਾਨ ਕਥਿਤ ਤੌਰ ’ਤੇ ਮੁਸਲਿਮ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਸਾਈਬਰ ਸੈੱਲ ਨੇ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਸੈੱਲ ਨੇ ਕਲੱਬ ਹਾਊਸ ਨੂੰ ਪੱਤਰ ਲਿਖ ਕੇ ਸੈਸ਼ਨ ਦੇ ਉਪਭੋਗਤਾਵਾਂ/ਪ੍ਰਯੋਜਕਾਂ ਤੇ ਗੂਗਲ ਨੂੰ ਆਪਣੇ ਪਲੇਅ ਸਟੋਰ ’ਤੇ ਹੋਸਟ ਕਰਨ ਦਾ ਕਾਰਨ ਮੰਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਵੱਲੋਂ ਕਲੱਬ ਹਾਊਸ ਐਪ ਸੈਸ਼ਨ ਵਿੱਚ ਹਿੱਸਾ ਲੈਣ, ਰਿਕਾਰਡ ਕਰਨ ਤੇ ਸਾਂਝਾ ਕਰਨ ਵਾਲੇ ਅਣਪਛਾਤੇ ਲੋਕਾਂ ਵਿਰੁੱਧ ਜਾਂਚ ਦੀ ਮੰਗ ਕਰਨ ਲਈ ਦਿੱਲੀ ਪੁਲੀਸ ਨੂੰ ਨੋਟਿਸ ਭੇਜਿਆ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ।
ਕਲੱਬ ਹਾਊਸ ਐਪ ਨੂੰ 2020 ਵਿੱਚ ਲਾਂਚ ਕੀਤਾ ਗਿਆ ਸੀ ਤੇ ਇਹ ਇੱਕ ਸੋਸ਼ਲ ਆਡੀਓ ਐਪ ਹੈ। ਐੱਫਆਈਆਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 153 ਏ, 295 ਏ ਅਤੇ 354 ਏ ਵਿੱਚ ਦਰਜ ਕੀਤੀ ਗਈ ਹੈ।