ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਅੱਜ ਰੋਹਿਣੀ ਅਦਾਲਤ ਤੇ ਉਸ ਕਮਰੇ ਵਿੱਚ ਗਏ ਜਿੱਥੇ ਸ਼ੁੱਕਰਵਾਰ ਨੂੰ ਚੋਟੀ ਦੇ ਗੈਂਗਸਟਰ ਜਤਿੰਦਰ ਸਿੰਘ ਮਾਨ ਉਰਫ਼ ਗੋਗੀ ਨੂੰ ਨਾਟਕੀ ਢੰਗ ਨਾਲ ਉਸ ਦੇ ਵਿਰੋਧੀ ਗੁੱਟ ਟਿੱਲੂ ਗਰੋਹ ਦੇ ਦੋ ਕਥਿਤ ਹਮਲਾਵਰਾਂ ਨੇ ਗੋਲੀਆਂ ਨਾਲ ਮਾਰ ਮੁਕਾਇਆ ਸੀ। ਇਸ ਵਾਰਦਾਤ ਦੌਰਾਨ ਹੀ ਦਿੱਲੀ ਪੁਲੀਸ ਦੇ ਗੋਗੀ ਨਾਲ ਆਏ ਦਸਤੇ ਨੇ ਦੋਵਾਂ ਹਮਲਾਵਾਰਾਂ ਨੂੰ ਮੌਕੇ ’ਤੇ ਹੀ ਢੇਰ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਕਮਿਸ਼ਨਰ ਨੇ ਘਟਨਾ ਵਾਲੀ ਥਾਂ ‘ਕੋਰਟ ਰੂਮ’ ਦਾ ਨਿਰੀਖਣ ਕੀਤਾ ਜਿੱਥੇ ਗੋਲੀਬਾਰੀ ਹੋਈ ਸੀ। ਸੰਯੁਕਤ ਪੁਲੀਸ ਕਮਿਸ਼ਨਰ (ਉੱਤਰੀ ਰੇਂਜ) ਨੂੰ ਘਟਨਾ ਦੀ ਜਾਂਚ ਕਰਨ ਅਤੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨਰ ਨੇ ਤਿੰਨ ਕਮਾਂਡੋ (ਦੋ ਕਾਂਸਟੇਬਲਾਂ ਤੇ ਇੱਕ ਸਹਾਇਕ ਸਬ-ਇੰਸਪੈਕਟਰ) ਨੂੰ ਆਊਟ ਆਫ ਟਰਨ ਤਰੱਕੀ ਦੀ ਸਿਫਾਰਸ਼ ਕੀਤੀ ਹੈ।
ਅਸਥਾਨਾ ਨੇ ਕੋਰਟ ਕੰਪਲੈਕਸ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਉਹ ਅਦਾਲਤ ਕੈਂਪਸ ਵਿੱਚ ਇੱਕ ਘੰਟਾ ਰਹੇ ਤੇ ਆਪਣੀ ਟੀਮ ਤੇ ਉੱਥੇ ਮੌਜੂਦ ਵਕੀਲਾਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਦੋ ਹਮਲਾਵਰਾਂ ਨੂੰ ਦਿੱਲੀ ਆਰਮਡ ਪੁਲੀਸ ਦੀ ਤੀਜੀ ਬਟਾਲੀਅਨ ਦੇ ਤਿੰਨ ਕਮਾਂਡੋਜ਼ ਨੇ ਗੋਲੀ ਮਾਰ ਦਿੱਤੀ ਕਿਉਂਕਿ ਇਸ ਘਟਨਾ ਕਾਰਨ ਅਦਾਲਤੀ ਕਮਰੇ ਵਿੱਚ ਹਫੜਾ-ਦਫੜੀ ਤੇ ਦਹਿਸ਼ਤ ਪੈਦਾ ਹੋ ਗਈ ਸੀ, ਜਿੱਥੇ ਜੱਜ ਨੇ ਕਾਰਵਾਈ ਸ਼ੁਰੂ ਕੀਤੀ ਸੀ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਸੰਗਠਿਤ ਅਪਰਾਧ ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਦਿੱਲੀ ਪੁਲੀਸ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ ਕਰਨ ਜਾ ਰਹੀ ਹੈ। ਸ਼ੁੱਕਰਵਾਰ ਦੀ ਘਟਨਾ ਦੇ ਕੁਝ ਘੰਟਿਆਂ ਬਾਅਦ, ਦਿੱਲੀ ਪੁਲੀਸ ਮੁਖੀ ਨੇ ਦੱਸਿਆ ਸੀ ਕਿ ਪੁਲੀਸ ਫੋਰਸ ਰਾਸ਼ਟਰੀ ਰਾਜਧਾਨੀ ਵਿੱਚ ਕਿਸੇ ਵੀ ਸੰਗਠਿਤ ਅਪਰਾਧਿਕ ਸਰਗਰਮੀਆਂ ਵਿਰੁੱਧ ਕਾਰਵਾਈ ਕਰਨ ਲਈ ਦ੍ਰਿੜ ਹੈ। ਘਟਨਾ ਦੀ ਵੀਡੀਓ ਫੁਟੇਜ, ਜਿਸ ਨੇ ਸਿਸਟਮ ਵਿੱਚ ਸੁਰੱਖਿਆ ਦੀਆਂ ਕਮੀਆਂ ਦਾ ਪਰਦਾਫਾਸ਼ ਕੀਤਾ, ਵਿੱਚ ਪੁਲੀਸ ਤੇ ਵਕੀਲ ਘਬਰਾਹਟ ਵਿੱਚ ਬਾਹਰ ਨਿਕਲਦੇ ਹੋਏ ਦਿਖਾਈ ਦਿੱਤੇ ਕਿ ਅਦਾਲਤ ਰੂਮ ਨੰਬਰ 207 ਦੇ ਅੰਦਰ ਗੋਲੀਆਂ ਚੱਲੀਆਂ।