ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਕਤੂਬਰ
ਬੀਤੇ ਦਿਨ ਤੋਂ ਲਗਾਤਰ ਪੈ ਰਹੇ ਮੀਂਹ ਕਾਰਨ ਦਿੱਲੀ ਤੇ ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸੜਕਾਂ ਉਪਰ ਜਾਮ ਲੱਗ ਗਏ ਤੇ ਲੋਕ ਪ੍ਰੇਸ਼ਾਨ ਹੋਏ। ਦਿੱਲੀ ਟਰੈਫਿਕ ਪੁਲੀਸ ਵੱਲੋਂ ਹਾਲਤ ਦੇਖਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਜਾਮ ਦੀ ਹਾਲਤ ਦੇਖਦੇ ਹੋਏ ਆਉਣ-ਜਾਣ ਦੀ ਯੋਜਨਾ ਉਲੀਕਣ। ਮੌਸਮ ਮਹਿਕਮੇ ਵੱਲੋਂ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਬੇਮੌਸਮੇ ਮੀਂਹ ਕਾਰਨ ਫਸਲਾਂ ਤੇ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ।
ਮੀਂਹ ਕਾਰਨ ਦਿੱਲੀ ਦੀਆਂ ਕਈ ਨੀਵੀਆਂ ਥਾਵਾਂ ਉਪਰ ਪਾਣੀ ਭਰ ਗਿਆ। ਕਿਉਂਕਿ ਨਿੱਕੀ ਕਣੀ ਦਾ ਮੀਂਹ ਲਗਾਤਾਰ ਜਾਰੀ ਹੋਣ ਕਰਕੇ ਕਈ ਥਾਵਾਂ ਉਪਰ ਚਿੱਕੜ ਵੀ ਹੋ ਗਿਆ, ਜਿਸ ਕਰਕੇ ਪੈਦਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ। ਰੇਹੜੀ/ਫੜੀ ਵਾਲਿਆਂ ਦਾ ਅੱਜ ਧੰਦਾ ਨਹੀਂ ਹੋ ਸਕਿਆ। ਆਨੰਦ ਪਰਬਤ ਦੀ ਲਾਲ ਬੱਤੀ ਕੋਲ ਪਾਣੀ ਭਰ ਗਿਆ ਜਿਸ ਕਰਕੇ ਜ਼ਾਖੀਰਾ ਤੋਂ ਆਨੰਦ ਪਰਬਤ ਵੱਲ ਜਾਣ ਵਾਲੀ ਸੜਕ ਉਪਰ ਗੱਡੀਆਂ ਦੀ ਕਤਾਰ ਲੱਗ ਗਈ। ਜਿਸ ਕਰਕੇ ਨਵੀਂ ਰੋਹਤਕ ਰੋਡ ਤੱਕ ਆਵਾਜਾਈ ਪ੍ਰਭਾਵਿਤ ਹੋਈ। ਜ਼ਾਖੀਰਾ ਫਲਾਈਓਵਰ ਉਪਰ ਵੀ ਜਾਮ ਰਿਹਾ। ਦੱਖਣੀ ਤੇ ਪੱਛਮੀ ਦਿੱਲੀ ਦੀਆਂ ਮੁੱਖ ਸੜਕਾਂ ਉਪਰ ਵੀ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਨਜ਼ਫ਼ਗੜ੍ਹ ਮਾਰਗ ਤੋਂ ਬਹਾਦਰਗੜ੍ਹ ਵੱਲ ਟਰੈਫਿਕ ਜਾਮ ਲੱਗਾ। ਇਹੀ ਹਾਲ ਧੌਲਾ ਕੂੰਆਂ ਦਾ ਵੀ ਜਿੱਥੇ ਰਾਜਾ ਗਾਰਡਨ ਤੋਂ ਧੌਲਾ ਕੂੰਆਂ ਵੱਲ ਲੋਕ ਜਾਮ ਵਿੱਚ ਫਸ ਗਏ। ਸਨਅਤੀ ਇਲਾਕੇ ਨਰਾਇਣਾ ਤੋਂ ਮੋਤੀ ਬਾਗ਼ ਨੂੰ ਜਾਂਦੀ ਸੜਕ ਉੱਤੇ ਵੀ ਜਾਮ ਨੇ ਲੋਕਾਂ ਦਾ ਦਮ ਉਖਾੜ ਦਿੱਤਾ। ਪੂਰਬੀ ਤੇ ਦੱਖਣੀ ਦਿੱਲੀ ਵਿੱਚ ਹਾਲਤ ਅਜਿਹੇ ਸੀ ਸਨ। ਆਨੰਦ ਵਿਹਾਰ ਸਮੇਤ ਲਾਲ ਕਿਲ੍ਹੇ ਦਾ ਇਲਾਕਾ, ਆਈਟੀਓ, ਮਥੁਰਾ ਰੋਡ ’ਤੇ ਛਾਵਲਾ ਇਲਾਕਿਆਂ ਵਿੱਚ ਵੀ ਆਵਾਜਾਈ ਮੀਂਹ ਕਾਰਨ ਪ੍ਰਭਾਵਿਤ ਹੋਈ। ਆਜ਼ਾਦ ਮਾਰਕੀਟ ਦੇ ਇਲਾਕੇ ਵਿੱਚ ਪਾਣੀ ਭਰਨ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਫਰੀਦਾਬਾਦ (ਪੱਤਰ ਪ੍ਰੇਰਕ): ਮੀਂਹ ਦਾ ਅਸਰ ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ ਤੇ ਬੱਲਭਗੜ੍ਹ ਵਿੱਚ ਦੀ ਦੇਖਣ ਨੂੰ ਮਿਿਲਆ। ਫਰੀਦਾਬਾਦ ਦੀ ਮਥੁਰਾ ਰੋਡ (ਕੌਮੀ ਸ਼ਾਹ ਰਾਹ-2) ਦੀ ਸਰਵਿਸ ਰੋਡ ਉਪਰ ਪਾਣੀ ਭਰਿਆ ਤੇ ਨੀਲਮ ਚੌਕ ਤੱਕ ਜਾਮ ਵਿੱਚ ਲੋਕ ਫਸੇ। ਨਵੇਂ ਇਲਾਕਿਆਂ ਡਬੂਆ ਕਲੋਨੀ, ਜਵਾਹਰ ਕਲੋਨੀ, ਐਸਜੀਐਮ ਨਗਰ ਤੋਂ ਇਲਾਵਾ ਐਨਆਈਟੀ ਦੇ ਕਈ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ। ਸੈਕਟਰ 7, 9, 10, 11, 28, 29, 14 ਤੇ 15 ਦੇ ਇਲਾਕਿਆਂ ਦੀਆਂ ਸੜਕਾਂ ਪਾਣੀ ਨਾਲ ਜਲਮਗਨ ਹੋ ਗਈਆਂ। ਇਨ੍ਹਾਂ ਸੈਕਟਰਾਂ ਵਿੱਚ ਕਈ ਸੜਕਾਂ ਬਣ ਰਹੀਆਂ ਹੋਣ ਕਰਕੇ ਵੀ ਹਾਲਤ ਬਦਤਰ ਹੋਏ ਕਿਉਂਕਿ ਨਾਲ ਬਣ ਰਹੀਆਂ ਨਾਲੀਆਂ ਅਜੇ ਪੂਰੀਆਂ ਨਹੀਂ ਬਣੀਆਂ। ਬਿਜਲੀ ਵਿਵਸਥਾ ਗੜਬੜਾ ਗਈ ਤੇ ਕਈ ਘੰਟੇ ਸ਼ਹਿਰ ਵਿੱਚੋਂ ਬਿਜਲੀ ਗੁੱਲ ਰਹੀ।
ਗੁਰੂਗ੍ਰਾਮ ਵਿੱਚੋਂ ਲੰਘਦੇ ਦਿੱਲੀ-ਜੈਪੁਰ ਹਾਈਵੇਅ ਉਪਰ ਵੀ ਜਾਮ ਲੱਗਾ ਕਿਉਂਕਿ ਇਸ ਇਲਾਕੇ ਦੀਆਂ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਪੁਰਾਣੇ ਗੁਰੂਗ੍ਰਾਮ ਤੋਂ ਇਲਾਵਾ ਸਨਅਤੀ ਇਲਾਕੇ ਵਿੱਚ ਵੀ ਹਾਲਤ ਖਰਾਬ ਰਹੇ।