ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੁਲਾਈ
ਮੌਨਸੂਨ ਦੀ ਸਰਗਰਮੀ ਵਧਦੇ ਹੀ ਦਿੱਲੀ-ਐੱਨਸੀਆਰ ਦੇ ਸਮੁੱਚੇ ਇਲਾਕੇ ਵਿੱਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤੇ ਮੌਸਮ ਮਹਿਕਮੇ ਵੱਲੋਂ ਅਗਲੇ ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਦਿੱਲੀ ਦੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਪਿਆ ਤੇ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ।
ਨਹਿਰਾਂ ਦਾ ਰੂਪ ਧਾਰ ਚੁੱਕੀਆਂ ਇਨ੍ਹਾਂ ਸੜਕਾਂ ਉਤੇ ਟਰੈਫਿਕ ਪ੍ਰਭਾਵਿਤ ਹੋਈ ਤੇ ਕਈ ਥਾਵਾਂ ਉਪਰ ਜਾਮ ਲੱਗੇ। ਨੀਵੀਆਂ ਥਾਵਾਂ ਉਪਰ ਅੱਜ ਫਿਰ ਪਾਣੀ ਭਰਿਆ ਜਿਸ ਕਾਰਨ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮ ਤੇ ਡੀਡੀਏ ਵੱਲੋਂ ਪਾਣੀ ਭਰਨੋਂ ਰੋਕਣ ਲਈ ਕੀਤੇ ਅਗਾਊਂ ਪ੍ਰਬੰਧਾਂ ਦੇ ਦਾਅਵਿਆਂ ਦੀ ਫਿਰ ਪੋਲ ਖੁੱਲ੍ਹ ਗਈ। ਦਿੱਲੀ ਦੇ ਤਿਲਕ ਮਾਰਗ ਉਪਰ ਮੀਂਹ ਦੇ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਮੰਡੀ ਹਾਊਸ ਇਲਾਕੇ ਦੀਆਂ ਸੜਕਾਂ ਦੇ ਉਪਰੋਂ ਦੀ ਪਾਣੀ ਵੱਗਿਆ ਜਿਸ ਕਾਰਨ ਦੁਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਚਾਲਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਈਸਟ ਆਫ਼ ਕੈਲਾਸ਼, ਬੁਰਾੜੀ, ਸ਼ਾਹਦਰਾ, ਪੜਪੜਗੰਜ, ਆਈਟੀਓ ਤੇ ਇੰਡੀਆ ਗੇਟ ਇਲਾਕਿਆਂ ਵਿੱਚ ਟ੍ਰੈਫਿਕ ਦੀ ਪ੍ਰੇਸ਼ਾਨੀ ਵੀ ਝੱਲਣੀ ਪਈ। ਹਾਲਾਂਕਿ ਘੱਟੋ-ਘੱਟ ਤਾਪਮਾਨ 27.6 ਡਿਗਰੀ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ-ਪਾਸ ਸੀ।
ਮੀਂਹ ਨੇ ਹਵਾ ਵਿਚਲੇ ਗੰਧਲੇਪਣ ਨੂੰ ਧੋਅ ਦਿੱਤਾ ਜਿਸ ਕਾਰਨ ਹਵਾ ਸ਼ੁੱਧਤਾ ਅੰਕ 60 ਤੱਕ ਹੇਠਾਂ ਆ ਗਿਆ ਜੋ ਮੌਨਸੂਨ ਤੋਂ ਪਹਿਲਾਂ 160 ਤੋਂ ਉਪਰ ਹੁੰਦਾ ਸੀ। ਹਵਾ ਵਿੱਚ ਨਮੀ ਦੀ ਮਾਤਰਾ 80 ਫ਼ੀਸਦੀ ਤੋਂ ਵੱਧ ਰਹੀ। ਐਨਸੀਆਰ ਦੇ ਇਲਾਕਿਆਂ ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ ਤੇ ਪਲਵਲ ਤੱਕ ਮੀਂਂਹ ਨੇ ਛਹਬਿਰ ਲਾਈ।