ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਦਿੱਲੀ ਵਿੱਚ ਬੀਤੇ ਦਿਨੀਂ ਆਏ ਝੱਖੜ ਮਗਰੋਂ ਦਿੱਲੀ ਤੇ ਕੇਂਦਰ ਸਰਕਾਰ ਸਮੇਤ ਦਿੱਲੀ ਨਗਰ ਨਿਗਮ ਨੂੰ ਕੌਮੀ ਰਾਜਧਾਨੀ ਦੀਆਂ ਨਾਲੀਆਂ ਸਾਫ਼ ਕਰਨ ਦਾ ਚੇਤਾ ਆਇਆ ਹੈ। 30 ਮਈ ਦੀ ਸ਼ਾਮ ਨੂੰ ਕੌਮੀ ਰਾਜਧਾਨੀ ਵਿੱਚ 50 ਤੋਂ 100 ਕਿਲੋਮੀਟਰ ਦੀ ਰਫ਼ਤਾਰ ਨਾਲ ਆਏ ਝੱਖੜ ਦੌਰਾਨ ਥਾਂ-ਥਾਂ ਪਾਣੀ ਭਰ ਗਿਆ ਸੀ, ਜਿਸ ਕਾਰਨ ਲੰਬੇ ਜਾਮ ਲੱਗੇ। ਇਸ ਵਾਰ ਦਿੱਲੀ ਨਗਰ ਨਿਗਮ ਅਧੀਨ ਆਉਂਦੀਆਂ ਨਾਲੀਆਂ ਤੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਦੀਆਂ ਡਰੇਨਾਂ ਤੇ ਵੱਡੇ ਨਾਲਿਆਂ ਦੀ ਸਫ਼ਾਈ ਵਿੱਚ ਦੇਰੀ ਹੋਈ ਹੈ ਜਿਸ ਕਰਕੇ ਉਕਤ ਝੱਖੜ ਤੋਂ ਵੀ ਸਾਬਤ ਹੋ ਗਿਆ। ਮੀਂਹ ਦੌਰਾਨ ਪਾਣੀ ਭਰਨ ਦੇ ਕਾਰਨ ਨਾਲੀਆਂ ਵਿੱਚ ਫਸਿਆ ਕੂੜਾ, ਮਿੱਟੀ ਰਿਹਾ। ਹੁਣ ਨਿਗਮ ਤੇ ਲੋਕ ਨਿਰਮਾਣ ਮਹਿਕਮਾ ਜਾਗਿਆ ਤੇ ਆਪਣੇ-ਆਪਣੇ ਅਧਿਕਾਰ ਖੇਤਰ ਦੀਆਂ ਨਾਲੀਆਂ ਸਾਫ਼ ਕਰਨੀ ਸ਼ੁਰੂ ਕੀਤੀ।
ਦਿੱਲੀ ਵਿੱਚ ਮੌਨਸੂਨ ਦੌਰਾਨ ਸੜਕਾਂ ਉਪਰ ਪਾਣੀ ਭਰਨ ਦੀ ਸਮੱਸਿਆ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਹੱਲ ਨਹੀਂ ਹੋਈ, ਸਗੋਂ ਹੁਣ ਤਾਂ ਥੋੜ੍ਹਾ ਮੀਂਹ ਵੀ ਪ੍ਰੇਸ਼ਾਨੀ ਕਰ ਜਾਂਦਾ ਹੈ। ‘ਆਪ’ ਤੇ ਭਾਜਪਾ ਦੂਸ਼ਣਬਾਜ਼ੀ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਹਨ। ਲੋਕਾਂ ਨੇ ਦੱਸਿਆ ਕਿ ਨਾਲੀਆਂ ਸਾਫ਼ ਕਰਨ ਮਗਰੋਂ ਉਨ੍ਹਾਂ ਵਿੱਚੋਂ ਨਿਕਲੀ ਮਿੱਟੀ ਕਈ ਦਿਨ ਸੜਕਾਂ ਕਿਨਾਰੇ ਪਈ ਰਹਿੰਦੀ ਹੈ ਜਿਸ ਕਾਰਨ ਰਾਹਗੀਰ ਔਖੇ ਹੁੰਦੇ ਹਨ।