ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਡੀਐਮਆਰਸੀ ਨੇ ਦੱਸਿਆ ਹੈ ਕਿ 18 ਮਾਰਚ ਸ਼ੁੱਕਰਵਾਰ ਨੂੰ ਗੁੜਗਾਓਂ ਦੀ ਰੈਪਿਡ ਮੈਟਰੋ ਤੇ ਏਅਰਪੋਰਟ ਐਕਸਪ੍ਰੈੱਸ ਮੈਟਰੋ ਲਾਈਨ ਸਮੇਤ ਦਿੱਲੀ ਮੈਟਰੋ ਨੈੱਟਵਰਕ ਦੀਆਂ ਸਾਰੀਆਂ ਲਾਈਨਾਂ ’ਤੇ ਮੈਟਰੋ ਸੇਵਾ ਸਵੇਰ ਤੋਂ ਦੁਪਹਿਰ 2.30 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਦੌਰਾਨ ਸਟੇਸ਼ਨ ਵੀ ਨਹੀਂ ਖੁੱਲ੍ਹਣਗੇ। ਮੈਟਰੋ ਸੇਵਾ ਉਸ ਦਿਨ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਮੈਟਰੋ ਸੇਵਾ ਆਮ ਸਮੇਂ ਅਨੁਸਾਰ ਸਾਰੀਆਂ ਲਾਈਨਾਂ ’ਤੇ ਰਾਤ ਤੱਕ ਚੱਲੇਗੀ। ਹਾਲਾਂਕਿ, ਵੱਖ-ਵੱਖ ਲਾਈਨਾਂ ’ਤੇ ਰੇਲ ਗੱਡੀਆਂ ਵਿੱਚ ਮਾਮੂਲੀ ਕਮੀ ਹੋ ਸਕਦੀ ਹੈ ਤੇ ਯਾਤਰੀਆਂ ਨੂੰ ਸਟੇਸ਼ਨ ’ਤੇ ਰੇਲਗੱਡੀਆਂ ਦੇ ਆਉਣ ਅਤੇ ਜਾਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੀਆਈਐੱਸਐੱਫ ਮੈਟਰੋ ਵਿੱਚ ਸਫ਼ਰ ਲਈ ਆਉਣ ਵਾਲੇ ਲੋਕਾਂ ਉੱਤੇ ਵੀ ਨਜ਼ਰ ਰੱਖੇਗੀ ਤੇ ਸ਼ਰਾਬ ਜਾਂ ਨਸ਼ੇ ਵਿੱਚ ਕਰਕੇ ਆਉਣ ਵਾਲੇ ਲੋਕਾਂ ਨੂੰ ਮੈਟਰੋ ਸਟੇਸ਼ਨਾਂ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇਗਾ।
ਡੀਟੀਸੀ ਦੀਆਂ ਬੱਸਾਂ ਦੁਪਹਿਰ 2 ਵਜੇ ਤੋਂ ਬਾਅਦ ਚੱਲਣਗੀਆਂ
ਹੋਲੀ ਦੇ ਮੌਕੇ ’ਤੇ ਡੀਟੀਸੀ ਅਤੇ ਕਲੱਸਟਰ ਬੱਸ ਸੇਵਾ 18 ਮਾਰਚ ਨੂੰ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਡੀਟੀਸੀ ਦੀਆਂ ਬੱਸਾਂ ਦੁਪਹਿਰ 2 ਵਜੇ ਤੋਂ ਬਾਅਦ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਹੋਲੀ ਵਾਲੇ ਦਿਨ ਯਾਤਰੀਆਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਡੀਟੀਸੀ ਨੇ ਦੁਪਹਿਰ ਤੋਂ ਬਾਅਦ ਸਿਰਫ਼ 898 ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਸ਼ਾਮ ਦੀ ਸ਼ਿਫਟ ਵਿੱਚ ਚੁਣੇ ਹੋਏ ਰੂਟਾਂ ’ਤੇ ਬੱਸਾਂ ਚੱਲਣਗੀਆਂ। ਡੀਟੀਸੀ ਬੱਸਾਂ ਬਾਰੇ ਜਾਣਕਾਰੀ ਹੈਲਪਲਾਈਨ ਨੰਬਰ 1800111881 (ਟੋਲ ਫਰੀ ਨੰਬਰ) ਅਤੇ 41400400 ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।