ਨਵੀਂ ਦਿੱਲੀ, 27 ਅਗਸਤ
ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਘਪਲੇ ਬਾਰੇ ਕਾਂਗਰਸ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਨਿਸ਼ਾਨਾ ਸਾਧਿਆ। ਪਾਰਟੀ ਨੇ ਕਿਹਾ ਕਿ ਸਿਸੋਦੀਆ ਨੂੰ ਜਾਂ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਦੋਸ਼ ਲਾਇਆ ਕਿ ਕੇਜਰੀਵਾਲ, ਸਿਸੋਦੀਆ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾ ਰਹੇ ਕਿਉਂਕਿ ਮਾਮਲੇ ਦੀਆਂ ਤਾਰਾਂ ਉਨ੍ਹਾਂ ਨਾਲ ਜੁੜ ਜਾਣਗੀਆਂ। ਸ੍ਰੀ ਮਾਕਨ ਨੇ ਕੇਜਰੀਵਾਲ ਨੂੰ ਆਬਕਾਰੀ ਨੀਤੀ ‘ਤੇ ਬਹਿਸ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਸ਼ਰਾਬ ਘਪਲੇ ਬਾਰੇ ਕੇਜਰੀਵਾਲ ਜੀ ਨਾਲ ਗੱਲ ਕਰੋ, ਉਹ ਸਿੱਖਿਆ ਬਾਰੇ ਗੱਲ ਕਰਨਗੇ। ਅਸੀਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਲਈ ਕਹਿਣਾ ਚਾਹੁੰਦੇ ਹਾਂ ਕਿ ਸ਼ਰਾਬ ਘਪਲੇ ‘ਤੇ ਉਨ੍ਹਾਂ ਦਾ ਕੀ ਕਹਿਣਾ ਹੈ।’