ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸ਼ਾਸਤ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਕੇਂਦਰ ਸਰਕਾਰ ਦੀ ਸਫ਼ਾਈ ਦਰਜਾਬੰਦੀ ਵਿੱਚ ਪਛੜ ਗਈਆਂ ਹਨ। ਉਹ ਸਿਖਰਲੇ 20 ਵਿੱਚ ਵੀ ਥਾਂ ਨਹੀਂ ਬਣਾ ਸਕੇ ਹਨ। ਦੇਸ਼ ਦੀਆਂ 48 ਨਗਰ ਨਿਗਮਾਂ ਵਿੱਚੋਂ ਉੱਤਰੀ ਦਿੱਲੀ ਨਗਰ ਨਿਗਮ ਨੂੰ 45ਵਾਂ, ਪੂਰਬੀ ਦਿੱਲੀ ਨਗਰ ਨਿਗਮ ਨੂੰ 40ਵਾਂ ਤੇ ਦੱਖਣੀ ਦਿੱਲੀ ਨਗਰ ਨਿਗਮ ਨੂੰ 31ਵਾਂ ਸਥਾਨ ਦਿੱਤਾ ਗਿਆ ਹੈ। ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੂੰ ਦੱਸਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਨੂੰ ਬਦਨਾਮ ਕਰਨ ਦਾ ਠੇਕਾ ਕਿਉਂ ਲਿਆ ਹੈ। ਜੇਕਰ ਉਹ ਉਨ੍ਹਾਂ ਨੂੰ ਸੰਭਾਲ ਨਹੀਂ ਰਿਹਾ ਹੈ ਤਾਂ ਉਸ ਨੂੰ ਐੱਮਸੀਡੀ ਛੱਡ ਦੇਣੀ ਚਾਹੀਦੀ ਹੈ। ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਨੂੰ ਸਵੱਛ ਭਾਰਤ ਦਾ ਨਾਅਰਾ ਦਿੱਤਾ ਹੈ। ਪੂਰੇ ਭਾਰਤ ਵਿੱਚ ਸਵੱਛਤਾ ਅੰਦੋਲਨ ਚਲਾਇਆ। ਵੱਡੇ-ਵੱਡੇ ਬੀਜੇਪੀ ਲੀਡਰਾਂ, ਮੰਤਰੀਆਂ ਨੇ ਖੁਦ ਝਾੜੂ ਮਾਰ ਕੇ ਇਸ ’ਤੇ ਕੂੜਾ ਸੁੱਟ ਕੇ ਵੀਡੀਓ ਬਣਾਈ। ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਸਵੱਛਤਾ ਸਰਵੇਖਣ ਕਰਵਾਉਂਦੀ ਹੈ। ਇਹ ਇਕ ਤਰ੍ਹਾਂ ਦਾ ਸਰਵੇਖਣ ਹੈ ਜੋ ਕੇਂਦਰ ਸਰਕਾਰ ਦੁਆਰਾ ਕਰਵਾਇਆ ਜਾਂਦਾ ਹੈ, ਜਿਸ ਵਿੱਚ ਉਹ ਦੇਖਦੀ ਹੈ ਕਿ ਸੂਬੇ ਦੇ ਕਿਹੜੇ ਸ਼ਹਿਰ ਵਿੱਚ ਸਫ਼ਾਈ ਦਾ ਪਾਲਣ ਕੀਤਾ ਜਾ ਰਿਹਾ ਹੈ। ਇਸ ਦੇ ਕਈ ਮਾਪਦੰਡ ਹਨ ਜਿਵੇਂ ਕਿ ਪਖਾਨੇ ਦੀ ਸਫ਼ਾਈ, ਖੁੱਲ੍ਹੇ ਵਿੱਚ ਸ਼ੌਚ, ਕੂੜੇ ਦਾ ਨਿਪਟਾਰਾ, ਕੂੜੇ ਨੂੰ ਵੱਖ ਕਰਨਾ, ਨਿਯਮਤ ਸਫਾਈ ਆਦਿ। ਪੂਰੇ ਦੇਸ਼ ਦੇ ਉਸ ਸਰਵੇਖਣ ਵਿੱਚ ਸਿਰਫ਼ 48 ਸ਼ਹਿਰ ਹਨ ਜੋ ਕਿ 10 ਲੱਖ ਦੀ ਆਬਾਦੀ ਵਾਲੇ ਸ਼ਹਿਰ ਹਨ। ਪੂਰਬੀ ਦਿੱਲੀ ਨਗਰ ਨਿਗਮ, ਦੱਖਣੀ ਦਿੱਲੀ ਨਗਰ ਨਿਗਮ ਅਤੇ ਉੱਤਰੀ ਦਿੱਲੀ ਨਗਰ ਨਿਗਮ ਹਨ, ਜੋ ਕੇਂਦਰ ਦੀ ਭਾਜਪਾ ਦੇ ਅਧੀਨ ਆਉਂਦੇ ਹਨ, ਉਨ੍ਹਾਂ ਦੀ ਦਰਜਾਬੰਦੀ ਤੇ ਰੈਂਕਿੰਗ ਕੇਂਦਰ ਸਰਕਾਰ ਨੇ ਖੁਦ ਕੱਢ ਦਿੱਤੀ ਹੈ।
ਕਾਰਜਕਾਰਨੀ ਮੀਟਿੰਗ ਵਿੱਚ ਕੇਜਰੀਵਾਲ ਨੂੰ ਘੇਰੇਗੀ ਭਾਜਪਾ
ਨਵੀਂ ਦਿੱਲੀ: ਸੂਬਾ ਭਾਜਪਾ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਕੱਲ੍ਹ ਸੂਬਾ ਭਾਜਪਾ ਕਾਰਜਕਾਰਨੀ ਦਾ ਉਦਘਾਟਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੱਲੋਂ ਕੀਤਾ ਜਾਵੇਗਾ, ਜਿਸ ਵਿੱਚ ਰਾਸ਼ਟਰੀ ਭਾਜਪਾ ਸੰਗਠਨ ਦੇ ਜਨਰਲ ਸਕੱਤਰ ਬੀ.ਐੱਲ.ਸੰਤੋਸ਼, ਪ੍ਰਦੇਸ਼ ਭਾਜਪਾ ਇੰਚਾਰਜ ਬੈਜਯੰਤ ਜੈ ਪਾਂਡਾ, ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ, ਕੋ-ਇੰਚਾਰਜ ਡਾ. ਅਲਕਾ ਗੁਜਰ, ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਆਦਿ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸੰਬੋਧਨ ਕਰਨਗੇ। ਸੂਬਾ ਸੰਗਠਨ ਜਨਰਲ ਸਕੱਤਰ ਸਿਧਾਰਥਨ ਸੂਬੇ ਦੇ ਸੰਗਠਨਾਤਮਕ ਮੁੱਦਿਆਂ ’ਤੇ ਚਰਚਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਾਰਜਕਾਰਨੀ ਮੀਟਿੰਗ ਵਿੱਚ ਸਿਆਸੀ ਸੰਗਠਨ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੈਸ ਚੈਂਬਰ ਬਣ ਚੁੱਕੀ ਦਿੱਲੀ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਦਿੱਲੀ ਦੀਆਂ ਸਮੱਸਿਆਵਾਂ, ਯਮੁਨਾ ਦੀ ਸਫ਼ਾਈ ਪ੍ਰਤੀ ਕੇਜਰੀਵਾਲ ਵੱਲੋਂ ਕੀਤੀ ਗਈ ਲਾਪ੍ਰਵਾਹੀ ਸਮੇਤ ਹੋਰ ਪ੍ਰਮੁੱਖ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਚਾਹਲ ਨੇ ਦੱਸਿਆ ਕਿ ਇਨ੍ਹਾਂ ਮੁੱਦਿਆਂ ਤੋਂ ਇਲਾਵਾ ਦਿੱਲੀ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਢੁੱਕਵੇਂ ਕਦਮਾਂ ਜਾਂ ਯੋਜਨਾਵਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।