ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਹਾਈ ਕੋਰਟ ਨੇ ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲਾਂ ਦੇ ਅਮਲੇ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਨਾ ਦੇਣ ਕਾਰਨ ਬੀਤੇ ਸਾਲਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਤੇ ਜਨਰਲ ਸਕੱਤਰ ਰਹੇ ਆਗੂਆਂ ਨੂੰ ਤਲਬ ਕੀਤਾ ਹੈ। ਜੋ ਆਗੂ ਤਲਬ ਕੀਤੇ ਗਏ ਹਨ ਉਨ੍ਹਾਂ ਵਿੱਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹਨ। ਜਨਰਲ ਸਕੱਤਰਾਂ ਵਿੱਚੋਂ ਰਾਜਿੰਦਰ ਸਿੰਘ ਟੈਕਨੋ, ਬਲਬੀਰ ਸਿੰਘ ਵਿਵੇਕ ਵਿਹਾਰ, ਗੁਰਮੀਤ ਸਿੰਘ ਸ਼ੰਟੀ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਹੁਕਮਾਂ ਦੀ ਤੌਹੀਨ ਕਰਨ ਦੀਆਂ 43 ਪਟੀਸ਼ਨਾਂ ਉਪਰ ਇੱਕਠੀ ਸੁਣਵਾਈ ਚੱਲ ਰਹੀ ਹੈ ਤੇ ਅਦਾਲਤ ਵੱਲੋਂ ਬੀਤੇ ਦਿਨੀਂ ਮੌਜੂਦਾ ਪ੍ਰਬੰਧਕਾਂ ਨੂੰ 10 ਜੁਲਾਈ ਤੱਕ ਰਹਿੰਦੇ ਬਕਾਏ ਦਾ ਭੁਗਤਾਨ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਅਕਾਲੀ ਆਗੂਆਂ ਵੱਲੋਂ ਦੋਸ਼ਾਂ ਦਾ ਦੌਰ ਵੀ ਜਾਰੀ ਹੈ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਦੋਂ ਤਨਖ਼ਾਹ ਕਮਿਸ਼ਨ ਲਾਗੂ ਹੋਇਆ ਸੀ ਉਦੋਂ ਸਰਨਾ ਭਰਾਵਾਂ ਨੂੰ ਤਨਖ਼ਾਹਾਂ ਦਾ ਬਕਾਇਆ ਦਿੱਤਾ ਜਾਣਾ ਚਾਹੀਦਾ ਸੀ ਜੋ ਮਾਪਿਆਂ ਤੋਂ ਵਸੂਲਿਆ ਗਿਆ ਸੀ। ਉਧਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਅਮਲੇ ਦਾ ਬਕਾਇਆ ਰੋਕ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਨੇ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਚੋਣਾਂ ਦੌਰਾਨ ਤਨਖ਼ਾਹ ਕਮਿਸ਼ਨ ਦਾ ਬਕਾਇਆ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਅੱਧਾ-ਅਧੂਰਾ ਹੀ ਲਾਗੂ ਕੀਤਾ ਗਿਆ।