ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਦੇ ਗਠਨ ਲਈ ਦਿੱਲੀ ਹਾਈ ਕੋਰਟ ਵਿੱਚ ਅੱਜ ਦੀ ਸੁਣਵਾਈ ਦੌਰਾਨ ਪਹਿਲਾਂ ਜਾਰੀ ਆਦੇਸ਼ ਹੀ ਲਾਗੂ ਰੱਖਣ ਤੇ ਇਸ ਮਾਮਲੇ ਦੇ ਆਖ਼ਰੀ ਫ਼ੈਸਲੇ ਅਨੁਸਾਰ ਹੀ ਹਾਊਸ ਗਠਨ ਬਾਰੇ ਦੱਸਿਆ ਅਤੇ ਅਗਲੀ ਤਰੀਕ 24 ਫਰਵਰੀ, 2022 ਤੈਅ ਕੀਤੀ ਹੈ। ਜੱਜ ਪ੍ਰਤੀਕ ਜਲਾਨ ਵੱਲੋਂ ਅੱਜ ਸੁਣਵਾਈ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਮੁਖੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 5 ਜਨਵਰੀ, 2022 ਨੂੰ ਦਿੱਲੀ ਗੁਰਦੁਆਰੇ ਦੇ ਹਾਊਸ ਗਠਨ ਦੌਰਾਨ ਕੇਂਦਰੀ ਸਿੰਘ ਸਭਾਵਾਂ ਦੇ ਇੱਕ ਨੁਮਾਇੰਦੇ ਨੂੰ ਸ਼ਾਮਲ ਕਰਨ ਬਾਰੇ ਕੱਢੇ ਗਏ ਡਰਾਅ ਦਾ ਅਸਰ ਇਸ ਮਾਮਲੇ ਦੀ ਸੁਣਵਾਈ ਉਪਰ ਪਵੇਗਾ। ਕਮੇਟੀ ਲਈ 2 ਨੁਮਾਇੰਦੇ ਸਿੰਘ ਸਭਾਵਾਂ ਦੇ ਪ੍ਰਧਾਨਾਂ ਵਿੱਚੋਂ ਚੁਣਨ ਦੀ ਪ੍ਰਕਿਰਿਆ ਤੇ ਡਰਾਅ ਰਾਹੀਂ ਕੱਢੇ ਗਏ ਕਈ-ਕਈ ਨਾਵਾਂ ਦਾ ਮੁੱਦਾ ਸੁਣਵਾਈ ਅਧੀਨ ਹੈ। -ਪੱਤਰ ਪ੍ਰੇਰਕ