ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਕਮੇਟੀ ਦੇ ਯਤਨਾਂ ਨੂੰ ਉਦੋਂ ਸਫਲਤਾ ਮਿਲੀ ਜਦੋਂ ਕਤਲੇਆਮ ਦੇ ਇਕ ਮਾਮਲੇ ਵਿਚ 4 ਮੁਲਜ਼ਮਾਂ ਨੂੰ ਕਾਨਪੁਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਹਲੋਂ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਾਂਗ ਦਿੱਲੀ ਕਮੇਟੀ ਨੇ ਕਾਨਪੁਰ ਸਿੱਖ ਕਤਲੇਆਮ ਕੇਸਾਂ ਦੇ ਮਾਮਲੇ ਵਿਚ ਵੀ ਪੈਰਵੀ ਕੀਤੀ ਤੇ 2017 ਵਿਚ ਪਟੀਸ਼ਨ ਨੰਬਰ 45 ਸੁਪਰੀਮ ਕੋਰਟ ਵਿਚ ਦਾਖ਼ਲ ਕੀਤੀ। ਇਸ ’ਤੇ ਸੁਪਰੀਮ ਕੋਰਟ ਨੇ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਤੇ ਫਰਵਰੀ 2019 ਵਿਚ ਸਾਬਕਾ ਡੀਜੀਪੀ ਅਤੁਲ ਦੀ ਅਗਵਾਈ ਹੇਠ ਐੱਸਆਈਟੀ ਬਣਾਈ ਗਈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਕਾਨਪੁਰ ਸਥਿਤ ਪ੍ਰਤੀਨਿਧ ਸੁਰਜੀਤ ਸਿੰਘ ਓਬਰਾਏ, ਕੁਲਦੀਪ ਸਿੰਘ ਭੋਗਲ ਤੇ ਉਨ੍ਹਾਂ ਸਮੇਤ ਵਫਦ ਨੇ ਯੂਪੀ ਦੇ ਤਤਕਾਲੀ ਗ੍ਰਹਿ ਸਕੱਤਰ ਅਵਸਥੀ ਨੂੰ ਮਿਲ ਕੇ ਐੱਸਆਈਟੀ ਨੂੰ ਸਟਾਫ ਤੇ ਹੋਰ ਸਹੂਲਤਾਂ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਜੌਲੀ ਜੋ ਦਿੱਲੀ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਸਨ, ਉਨ੍ਹਾਂ ਕੇਸ ਦੀ ਪੈਰਵੀ ਕੀਤੀ। ਉਨ੍ਹਾਂ ਦੱਸਿਆ ਕਿ ਸਟਾਫ ਮਿਲਣ ਮਗਰੋਂ ਜਾਂਚ ਆਰੰਭ ਹੋਈ ਤਾਂ ਕੁੱਲ 127 ਕਤਲ ਕੇਸ ਸਾਹਮਣੇ ਆਏ ਤੇ 67 ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਸੈਫੁੱਲਾ ਖਾਨ, ਯੋਗੇਂਦਰ ਸਿੰਘ ਉਰਫ ਬੱਚਨ, ਵਿਜੇ ਨਰਾਇਣ ਉਰਫ ਬੱਪਨ ਤੇ ਅਬਦੁਲ ਰਹਿਮਾਨ ਉਰਫ ਲੰਬੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਗ੍ਰਿਫ਼ਤਾਰੀਆਂ ਕਰਨ ਵਾਲੀ ਟੀਮ ਨੂੰ ਯੂਪੀ ਪੁਲੀਸ ਦੇ ਏਡੀਜੀਪੀ ਨੇ 50, 50 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।