ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਦਿੱਲੀ ਸਰਕਾਰ ਦੇ ਸਿੱਖਿਆ ਮਹਿਕਮੇ ਤੇ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਥਾਵਾਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿੱਥੇ ਭਗਵੰਤ ਮਾਨ ਸੋਮਵਾਰ ਨੂੰ ਪਹੁੰਚਣਗੇ। ਦਿੱਲੀ ਸਰਕਾਰ ਮਾਨ ਦੇ ਦੌਰੇ ਨੂੰ ਲੈ ਕੇ ਪੱਬਾਂ ਭਾਰ ਹੈ ਕਿਉਂਕਿ ‘ਆਪ’ ਨੇ ਦਿੱਲੀ ਮਗਰੋਂ ਪੰਜਾਬ ਵਿੱਚ ਵੱਡੀ ਬਹੁਮਤ ਨਾਲ ਸਰਕਾਰ ਬਣਾਈ ਹੈ। ਭਗਵੰਤ ਮਾਨ ਕਾਲਕਾ ਜੀ, ਗ੍ਰੈਟਰ ਕੈਲਾਸ਼, ਚਿਰਾਗ ਇਨਕਲੈਵ ਤੇ ਦਿਲਸ਼ਾਦ ਗਾਰਡਨ ਜਾਣਗੇ। ਮੁੱਖ ਮੰਤਰੀ ਸਵੇਰੇ ਕਾਲਕਾ ਜੀ ਵਿਖੇ ਡਾ. ਅੰਬੇਡਕਰ ਇੰਸਟੀਚਿਊਟ ਆਫ ਐਕਸੀਲੈਂਸ ਦਾ ਦੌਰਾ ਕਰਨਗੇ ਤੇ ਇਸ ਉਪਰੰਤ ਚਿਰਾਗ ਐਨਕਲੇਵ ਦੇ ਗ੍ਰੇਟਰ ਕੈਲਾਸ਼ ਵਿੱਚ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ, ਜਿਸ ਤੋਂ ਬਾਅਦ ਭਗਵੰਤ ਮਾਨ ਕੌਟਿਲਿਆ ਸਰਕਾਰੀ ਸਰਵੋਧਿਆ ਬਾਲ ਵਿਦਿਆਲਿਆ, ਚਿਰਾਗ ਐਨਕਲੇਵ ਦਾ ਦੌਰਾ ਕਰਨਗੇ। ਇਸ ਸਕੂਲ ਵਿੱਚ ਸਹੂਲਤਾਂ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਸਕੂਲ ਵਿੱਚ ਨਵੇਂ ਬਣੇ ਸਵੀਮਿੰਗ ਪੂਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਭਗਵੰਤ ਮਾਨ ਦਿਲਸ਼ਾਦ ਬਾਗ ਸਥਿਤ ਰਾਜੀਵ ਗਾਂਧੀ ਹਸਪਤਾਲ ਦਾ ਦੌਰਾ ਵੀ ਕਰਨਗੇ।