ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਇੱਕ ਵਾਰ ਫਿਰ ਦਿੱਲੀ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੇ ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਨਾਲ ਖਸਤਾ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡੈਕਸਟ੍ਰੋਮੇਥੋਰਫਾਨ ਦਵਾਈ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਸੀ ਪਰ ਮੁਹੱਲਾ ਕਲੀਨਿਕ ਦੇ ਡਾਕਟਰਾਂ ਨੇ ਇਹ ਦਵਾਈ ਦੇ ਕੇ ਦਿੱਲੀ ਦੇ ਇੱਕ ਹੋਰ ਮਾਸੂਮ ਨੂੰ ਮੌਤ ਤੇ ਜ਼ਿੰਦਗੀ ਵਿਚਾਲੇ ਲੜਨ ਲਈ ਮਜਬੂਰ ਕਰ ਦਿੱਤਾ ਹੈ। ਮੁਹੱਲਾ ਕਲੀਨਿਕ ਭ੍ਰਿਸ਼ਟਾਚਾਰ ਤੇ ਮੌਤ ਦੇ ਅੱਡੇ ਬਣ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਵਧਦੇ ਮਾਮਲਿਆਂ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਲਾਪ੍ਰਵਾਹੀ ਲਈ ਸਤਿੰਦਰ ਜੈਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਮੁਹੱਲਾ ਕਲੀਨਿਕਾਂ ਦੀ ਅਣਗਹਿਲੀ ਕਾਰਨ ਬੱਚਿਆਂ ਅਤੇ ਮਾਸੂਮ ਲੋਕਾਂ ਨੂੰ ਹੋ ਰਹੇ ਦੁੱਖਾਂ ’ਤੇ ਰੋਸ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੀ ਸਿਹਤ ਵਿਵਸਥਾ ਤੋਂ ਪੂਰੀ ਦਿੱਲੀ ਨੂੰ ਪਤਾ ਲੱਗ ਗਿਆ ਹੈ। ਕੇਜਰੀਵਾਲ ਜਿਸ ਮੁਹੱਲਾ ਕਲੀਨਿਕ ਪ੍ਰਚਾਰ ਮੁਹਿੰਮ ਦਾ ਸਿਰਫ਼ ਅੱਡਾ ਬਣ ਗਿਆ ਹੈ। ਜਦੋਂ ਕਿ ਉਨ੍ਹਾਂ ਕਲੀਨਿਕਾਂ ਵਿੱਚ ਪੋਸਟਰਾਂ ਦੀ ਨਹੀਂ ਸਗੋਂ ਸਿਹਤ ਪ੍ਰਬੰਧਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਅਯੋਗ ਡਾਕਟਰ, ਮਿਆਦ ਪੁਗਾ ਚੁੱਕੀਆਂ ਦਵਾਈਆਂ ਅਤੇ ਮੁੱਢਲੀਆਂ ਸਹੂਲਤਾਂ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ’ਚ ਸਿਰਫ ਸਿਹਤ ਪ੍ਰਬੰਧਾਂ ’ਤੇ 57 ਹਜ਼ਾਰ ਕਰੋੜ ਰੁਪਏ ਖਰਚਣ ਵਾਲੀ ਕੇਜਰੀਵਾਲ ਸਰਕਾਰ ਨੇ ਸ਼ੁਰੂਆਤੀ ਦੌਰ ’ਚ ਮੁਹੱਲਾ ਕਲੀਨਿਕਾਂ ’ਤੇ 1500 ਕਰੋੜ ਰੁਪਏ ਖਰਚ ਕੀਤੇ ਪਰ ਅੱਜ ਇਸ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ।