ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੂਨ
ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ 6 ਵਿਅਕਤੀਆਂ ਦੇ ਵਾਰਸਾਂ ਨੂੰ ਦਿੱਲੀ ਸਰਕਾਰ ਵੱਲੋਂ ਇੱਕ-ਇੱਕ ਕਰੋੜ ਦੀ ਐਕਸ-ਗ੍ਰੇਸ਼ੀਆ ਗਰਾਂਟ ਦਿੱਤੀ ਜਾਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦੱਸਿਆ ਗਿਆ ਕਿ ਸੂਬਾ ਸਰਕਾਰ ਅਜਿਹੇ ਬਹਾਦਰ ਲੋਕਾਂ ਦੇ ਵਾਰਸਾਂ ਤੇ ਪਰਿਵਾਰਾਂ ਨਾਲ ਖੜ੍ਹੀ ਹੈ ਜੋ ਦੇਸ਼ ਲਈ ਸੇਵਾ ਕਰਦੇ ਹੋਏ ਸ਼ਹੀਦ ਹੋਏ ਹਨ। ਸ੍ਰੀ ਸਿਸੋਦੀਆ ਨੇ ਦੱਸਿਆ ਕਿ ਸੰਕਟ ਕੌਸ਼ਿਕ (ਏਸੀਪੀ ਦਿੱਲੀ ਪੁਲੀਸ), ਇੰਡੀਅਨ ਏਅਰ ਫੋਰਸ ਦੇ ਐਨਸੀ (ਈ) ਰਾਜੇਸ਼ ਕੁਮਾਰ, ਇੰਡੀਅਨ ਏਅਰ ਫੋਰਸ ਦੇ ਹੀ ਫਲਾਈਟ ਲੈਫਟੀਨੈਂਟ ਸੁਨੀਤ ਮੋਹੰਤੀ, ਸੁਕੈਡਰਨ ਲੀਡਰ ਮੀਤ ਕੁਮਾਰ (ਇੰਡੀਅਨ ਏਅਰ ਫੋਰਸ), ਦਿੱਲੀ ਪੁਲੀਸ ਦੇ ਸਿਪਾਹੀ ਵਿਕਾਸ ਕੁਮਾਰ, ਸਿਵਲ ਡਿਫੈਂਸ (ਪ੍ਰਵੇਸ਼ ਕੁਮਾਰ) ਦੇ ਵਾਰਸਾਂ ਨੂੰ ਦਿੱਲੀ ਸਰਕਾਰ ਵੱਲੋਂ ਇੱਕ-ਇੱਕ ਕਰੋੜ ਰੁਪਏ ਦਿੱਤੇ ਜਾਣਗੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮਾਣ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼ਹੀਦ ਦੇ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਪਰ ਪਰਿਵਾਰ ਨੂੰ ਨਿਸ਼ਚਤ ਤੌਰ ‘ਤੇ ਇਹ ਮਾਣਮੱਤਾ ਜ਼ਿੰਦਗੀ ਜਿਉਣ ਦਾ ਸਾਧਨ ਬਣੇਗਾ।
ਅਧਿਕਾਰੀਆਂ ਨਾਲ ਬੈਠਕ ’ਚ ਲਏ ਗਏ ਫੈਸਲੇ ਉਪ ਮੁੱਖ ਮੰਤਰੀ ਨੇ ਸਾਂਝੇ ਕੀਤੇ। ਦਿੱਲੀ ਦੇ ਦੁਆਰਕਾ ਨਿਵਾਸੀ ਫਲਾਈਟ ਲੈਫਟੀਨੈਂਟ ਸੁਨੀਤ ਮੋਹੰਤੀ ਦੀ ਅਸਾਮ ਵਿੱਚ ਹਵਾਈ ਫੌਜ ਦੇ ਇੱਕ ਅਭਿਆਨ ਦੌਰਾਨ ਜਹਾਜ਼ ਹਾਦਸੇ ਵਿੱਚ ਦੇਸ਼ ਦੀ ਸੇਵਾ ਕਰਦੇ ਸਮੇਂ ਮੌਤ ਹੋ ਗਈ। ਦਿੱਲੀ ਦੇ ਸਫਦਰਜੰਗ ਐਨਕਲੇਵ ਵਿੱਚ ਰਹਿਣ ਵਾਲਾ ਏਅਰ ਫੋਰਸ ਦਾ ਸਿਪਾਹੀ ਰਾਜੇਸ਼ ਕੁਮਾਰ ਅਸਾਮ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਅੱਜ ਉਸ ਦੀ ਪਤਨੀ ਆਪਣੇ 2 ਸਾਲ ਦੇ ਬੱਚੇ ਤੇ ਮਾਪਿਆਂ ਨਾਲ ਰਹਿੰਦੀ ਹੈ।
ਏਅਰਫੋਰਸ ਦੇ ਸਕੁਐਡਰਨ ਲੀਡਰ ਮੀਟ ਕੁਮਾਰ ਜੋ ਕਿ ਅਸ਼ੋਕ ਵਿਹਾਰ ਦਿੱਲੀ ਦਾ ਵਸਨੀਕ ਹੈ ਹਿਮਾਚਲ ਵਿੱਚ ਇੱਕ ਮਿਗ -21 ਜਹਾਜ਼ ਦੇ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਮੀਤ ਕੁਮਾਰ ਦੇ ਰੂਪ ਵਿਚ ਦੇਸ਼ ਨੇ ਆਪਣਾ ਇਕ ਬਹਾਦਰ ਪਾਇਲਟ ਗਵਾ ਦਿੱਤਾ ਹੈ। ਸੰਕਟ ਕੌਸ਼ਿਕ, ਜੋ ਕਿ ਦਿੱਲੀ ਦੇ ਵਸੰਤ ਵਿਹਾਰ ਦਾ ਵਸਨੀਕ ਹੈ ਤੇ ਦਿੱਲੀ ਪੁਲੀਸ ਵਿਚ ਏ ਸੀ ਪੀ ਹੈ, ਦਿੱਲੀ ਪੁਲੀਸ ਵਿਚ ਕੰਮ ਕਰਦਾ ਸੀ। ਇਕ ਰਾਤ ਟਰੱਕ ਦੀ ਟੱਕਰ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਦੀਆਂ ਤਿੰਨ ਧੀਆਂ ਹਨ ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸਦੀ ਪਤਨੀ ਪ੍ਰਭਾ ’ਤੇ ਹੈ। ਦਿੱਲੀ ਪੁਲੀਸ ਦੇ ਕਾਂਸਟੇਬਲ ਵਿਕਾਸ ਕੁਮਾਰ ਨੇ ਚੈਕਿੰਗ ਲਈ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਾਹਨ ਨੇ ਉਸ ਨੂੰ ਕੁਚਲ ਦਿੱਤਾ।
ਸਿਸੋਦੀਆ ਵੱਲੋਂ ਸਪੋਰਟਸ ਯੂਨੀਵਰਸਿਟੀ ਦੇ ਕੰਮਾਂ ਦਾ ਜਾਇਜ਼ਾ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਕੰਮਾਂ ਦੀ ਪ੍ਰਗਤੀ ’ਤੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਦਿੱਲੀ ਸਪੋਰਟਸ ਯੂਨੀਵਰਸਿਟੀ ਨੂੰ ਅਜਿਹੇ ਖਿਡਾਰੀ ਤਿਆਰ ਕਰਨੇ ਚਾਹੀਦੇ ਹਨ ਜੋ ਹਰ ਓਲੰਪਿਕ ਵਿੱਚ ਭਾਰਤ ਲਈ ਘੱਟੋ ਘੱਟ 50 ਸੋਨ ਤਗਮੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਦਿੱਲੀ ਸਪੋਰਟਸ ਯੂਨੀਵਰਸਿਟੀ ਖੇਡਾਂ ਦੀ ਦੁਨੀਆ ’ਚ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਇੱਥੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਵਧਣ ਲਈ ਵਿਸ਼ਵ ਪੱਧਰੀ ਸਹੂਲਤਾਂ ਤੇ ਸਿਖਲਾਈ ਦਿੱਤੀ ਜਾਵੇਗੀ। ਜਿਸ ਸਦਕਾ ਦੇਸ਼ ਦੀ ਖੇਡ ਪ੍ਰਤਿਭਾ ਅੰਤਰਰਾਸ਼ਟਰੀ ਮੁਕਾਬਲੇ ’ਚ ਵੱਧ ਤੋਂ ਵੱਧ ਤਗਮੇ ਲੈ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਵਿਸ਼ਵ ਪੱਧਰੀ ਯੂਨੀਵਰਸਿਟੀ ਸਾਬਤ ਹੋਵੇਗੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸਪੋਰਟਸ ਯੂਨੀਵਰਸਿਟੀ ’ਚ ਪੀਐਚਡੀ ਤਕ ਦੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਦੇ ਖਿਡਾਰੀਆਂ ਨੇ ਕਿਸੇ ਵੀ ਖੇਡ ’ਚ ਕੁਝ ਹਾਸਲ ਕਰ ਲਿਆ ਹੈ ਪਰ ਉਨ੍ਹਾਂ ਨੂੰ ਡਿਗਰੀ ਲਈ ਵੱਖਰੇ ਤੌਰ ’ਤੇ ਪੜ੍ਹਨਾ ਪੈਂਦਾ ਹੈ ਪਰ ਹੁਣ ਖਿਡਾਰੀਆਂ ਨੂੰ ਕਿਸੇ ਹੋਰ ਡਿਗਰੀ ਦੀ ਜ਼ਰੂਰਤ ਨਹੀਂ ਹੋਏਗੀ। ਉਹ ਖੇਡ ’ਚ ਆਪਣੇ ਪ੍ਰਦਰਸ਼ਨ ਦੇ ਅਧਾਰ ’ਤੇ ਡਿਗਰੀ ਪ੍ਰਾਪਤ ਕਰਨਗੇ। ਯੂਨੀਵਰਸਿਟੀ ਦੇ ਮਾਹਰਾਂ ਦੀ ਟੀਮ ਜਲਦੀ ਹੀ ਵੱਖ ਵੱਖ ਖੇਡਾਂ ਨੂੰ ਧਿਆਨ ’ਚ ਰੱਖਦਿਆਂ ਕੋਰਸ ਦਾ ਢਾਂਚਾ ਤਿਆਰ ਕਰੇਗੀ। ਸਪੋਰਟਸ ਯੂਨੀਵਰਸਿਟੀ ਦਾ ਉਦੇਸ਼ ਸਿਹਤ, ਕਸਰਤ, ਖੇਡਾਂ ਦੇ ਖੇਤਰਾਂ ’ਚ ਵਿਸ਼ਵ ਪੱਧਰੀ ਸਿਖਲਾਈ, ਖੋਜ ਤੇ ਅਕਾਦਮਿਕਾਂ ਨੂੰ ਉਤਸ਼ਾਹਤ ਕਰਨਾ ਹੈ।