ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਮੰਗੋਲਪੁਰੀ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੋਂ ਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਹਸਪਤਾਲ ਨੇ ਫਰਾਂਸ ਤੋਂ ਆਕਸੀਜਨ ਪਲਾਂਟ ਸਥਾਪਤ ਕੀਤਾ ਹੈ, ਜਿਸ ਨੂੰ ਚਾਲੂ ਕੀਤਾ ਗਿਆ। ਇਸ ਪਲਾਂਟ ਤੋਂ ਰੋਜ਼ਾਨਾ 80-100 ਵੱਡੇ ਸਿਲੰਡਰ ਭਰੇ ਜਾ ਸਕਣਗੇ। ਇਸ ਕਾਰਨ ਆਮ ਆਕਸੀਜਨ ਬੈੱਡਾਂ ਦੇ ਨਾਲ ਆਈਸੀਯੂ ਬੈੱਡਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਵਿਚ 118 ਕੋਵਿਡ ਬਿਸਤਰਿਆਂ ਦੇ ਨਾਲ 300 ਬਿਸਤਰਿਆਂ ਦੀ ਸਮਰੱਥਾ ਹੈ। ਉਪ ਮੁੱਖ ਮੰਤਰੀ ਨੇ ਹਸਪਤਾਲ ਦੇ ਕੋਵਿਡ ਵਾਰਡ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਡਾਕਟਰਾਂ ਨੂੰ ਨਿਰਦੇਸ਼ ਵੀ ਦਿੱਤੇ। ਉਪ ਮੁੱਖ ਮੰਤਰੀ ਨੇ ਅੱਜ ਰਾਸ਼ਟਰਮੰਡਲ ਖੇਡਾਂ ਪਿੰਡ ’ਚ ਸਥਿਤ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਦਿਆਂ, ਉਥੋਂ ਦੀਆਂ ਸਥਿਤੀਆਂ ਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਕੋਵਿਡ ਕੇਅਰ ਸੈਂਟਰ ’ਚ 500 ਬੈੱਡਾਂ ਦੀ ਸਮਰੱਥਾ ਹੈ ਪਰ ਆਕਸੀਜਨ ਦੀ ਘਾਟ ਕਾਰਨ ਇੱਥੇ ਬਿਸਤਰੇ ਖਾਲੀ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਆਕਸੀਜਨ ਦੀ ਸਪਲਾਈ ਨਿਯਮਤ ਹੋ ਜਾਂਦੀ ਹੈ, ਇਹ ਕੇਂਦਰ ਪੂਰੀ ਸਮਰੱਥਾ ਨਾਲ ਚਲਾਇਆ ਜਾਵੇਗਾ। ਸਿਸੋਦੀਆ ਨੇ ਕਿਹਾ, ‘‘ਸਾਡੇ ਡਾਕਟਰ ਅਤੇ ਸਾਰਾ ਮੈਡੀਕਲ ਸਟਾਫ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਦਿਨ ਰਾਤ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਰਿਹਾ ਹੈ, ਸਾਨੂੰ ਉਨ੍ਹਾਂ ’ਤੇ ਮਾਣ ਹੈ। ਅਸੀਂ ਉਨ੍ਹਾਂ ਦੀ ਭਾਵਨਾਵਾਂ ਨੂੰ ਸਲਾਮ ਕਰਦੇ ਹਾਂ।’’ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੁੱਧ ਦਾ ਦੌਰ ਹੈ ਤੇ ਇਸ ਨਾਲ ਲੜਨ ਲਈ ਦਿੱਲੀ ਸਰਕਾਰ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਕਰੋਨਾ ਨਾਲ ਮਿਲ ਕੇ ਲੜਨਾ ਹੈ ਤੇ ਉਹ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ।
ਉਪ ਮੁੱਖ ਮੰਤਰੀ ਨੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਨਾਲ ਮੰਗਲਵਾਰ ਨੂੰ ਰਾਮਲੀਲ੍ਹਾ ਮੈਦਾਨ ਵਿੱਚ ਬਣਾਏ ਜਾ ਰਹੇ 500 ਬੈੱਡਾਂ ਦੇ ਆਈਸੀਯੂ ਸੈਂਟਰ ਦਾ ਵੀ ਦੌਰਾ ਕੀਤਾ। ਇਹ ਕੇਂਦਰ ਅਗਲੇ ਇਕ ਹਫਤੇ ਦੇ ਅੰਦਰ ਸ਼ੁਰੂ ਕੀਤਾ ਜਾ ਸਕਦਾ ਹੈ।
ਸਿਰਫ਼ 44 ਫ਼ੀਸਦੀ ਆਕਸੀਜਨ ਦੀ ਹੀ ਸਪਲਾਈ ਹੋ ਰਹੀ ਹੈ: ਰਾਘਵ ਚੱਢਾ
‘ਆਪ’ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਨੂੰ ਕੁੱਲ 976 ਮੀਟਰਿਕ ਟਨ ਦੇ ਮੁਕਾਬਲੇ 433 ਮੀਟਰਿਕ ਟਨ ਆਕਸੀਜਨ ਹੀ ਮਿਲੀ ਹੈ, ਜੋ ਕੁੱਲ ਮੰਗ ਦਾ 44 ਫ਼ੀਸਦੀ ਹੀ ਹੈ। ਉਨ੍ਹਾਂ ਕਿਹਾ ਕਿ 41 ਹਸਪਤਾਲਾਂ ਵੱਲੋਂ ਐੱਸਓਐੱਸ ਕਾਲਾਂ ਰਾਹੀਂ 21.3 ਮੀਟਰਿਕ ਟਨ ਆਕਸੀਜਨ ਪਹੁੰਚਾ ਕੇ 7142 ਮਰੀਜ਼ਾਂ ਦੀ ਜਾਨ ਬਚਾਈ ਹੈ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਟੀਮ ਵੱਲੋਂ ਹਰੇਕ ਆਕਸੀਜਨ ਟਰੱਕ ਉਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਛੇਤੀ ਹੀ ਆਕਸੀਜਨ ਮੰਗ ’ਤੇ ਪੂਰਤੀ ਦੇ ਫਰਕ ਨੂੰ ਦੂਰ ਕੀਤਾ ਜਾਵੇਗਾ।
55 ਦਿਨਾਂ ’ਚ 25 ਪੁਲੀਸ ਮੁਲਾਜ਼ਮਾਂ ਦੀ ਹੋ ਚੁੱਕੀ ਹੈ ਮੌਤ
ਬੀਤੇ 55 ਦਿਨਾਂ ਦੌਰਾਨ ਦਿੱਲੀ ਪੁਲੀਸ ਦੇ 4,245 ਮੁਲਾਜ਼ਮਾਂ ਦੇ ਕਰੋਨਾ ਟੈਸਟ ਪਾਜ਼ੇਟਿਵ ਆਏ ਹਨ ਤੇ 25 ਮੁਲਾਜ਼ਮਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। 73,902 ਪੁਲੀਸ ਮੁਲਾਜ਼ਮਾਂ ਨੂੰ ਕਰੋਨਾ ਦਾ ਪਹਿਲਾ ਟੀਕਾ ਲਾਇਆ ਜਾ ਚੁੱਕਾ ਹੈ ਅਤੇ 63,510 ਨੂੰ ਦੋਨੋਂ ਟੀਕੇ ਲਾਏ ਜਾ ਚੁੱਕੇ ਹਨ। ਪੁਲੀਸ ਕੰਟਰੋਲ ਰੂਮ ਦੀ ਇਕਾਈ ਤੋਂ 441 ਲੋਕਾਂ ਨੂੰ ਲਾਗ ਲੱਗੀ ਸੀ। ਟਰੈਫਿਕ ਇਕਾਈ ਤੇ ਸਕਿਊਰਟੀ ਬ੍ਰਾਂਚ ਦੇ 343 ਲੋਕਾਂ ਨੂੰ ਕਰੋਨਾ ਹੋ ਚੁੱਕਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ 10 ਮਾਰਚ ਤੱਕ 7,724 ਪੁਲੀਸ ਮੁਲਾਜ਼ਮਾਂ ਦਾ ਟੈਸਟ ਕੀਤਾ ਜਾ ਚੁੱਕਾ ਸੀ ਤੇ 34 ਮੌਤਾਂ ਦਰਜ ਹੋਈਆਂ ਸਨ। ਕੋਵਿਡ ਐੱਪ ਵਿੱਚ ਕੁੱਲ 80,276 ਪੁਲੀਸ ਮੁਲਾਜ਼ਮਾਂ ਦੇ ਨਾਂ ਦਰਜ ਕਰਵਾਇਆ ਹੈ।