ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਨਵੰਬਰ
ਯਮੁਨਾ ਦੇ ਪ੍ਰਦੂਸ਼ਣ ਸਬੰਧੀ ਦਿੱਲੀ ਸਰਕਾਰ ਇੱਕ ਵਾਰ ਫਿਰ ਘਿਰ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਨਦੀ ਦੀ ਸਫ਼ਾਈ ਲਈ ਕੀਤੇ ਵਾਅਦੇ ਤੇ ਦਾਅਵਿਆਂ ਸਬੰਧੀ ਵਿਰੋਧੀ ਧਿਰਾਂ ਵੱਲੋਂ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਯਮੁਨਾ ਕੰਢੇ ਛਠ ਪੂਜਾ ’ਤੇ ਰੋਕ ਲਾ ਰਹੀ ਹੈ। ਇਸੇ ਤਰ੍ਹਾਂ ਭਾਜਪਾ ਆਗੂ ਮਨੋਜ ਤਿਵਾੜੀ ਨੇ ਵੀ ‘ਆਪ’ ਸਰਕਾਰ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੇਜਰੀਵਾਲ ਮਸਲਾ ਹੱਲ ਕਰਨ ਦੀ ਜਗ੍ਹਾ ਲੋਕਾਂ ਨੂੰ ਨਦੀ ਕਿਨਾਰੇ ਪੂਜਾ ਕਰਨ ’ਤੇ ਰੋਕ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।
ਉੱਧਰ ਦਿੱਲੀ ਸਰਕਾਰ ਨੇ ਕਾਲਿੰਦੀ ਕੁੰਜ ਦੇ ਕੰਢੇ ਜ਼ਹਿਰੀਲੀ ਝੱਗ ਹਟਾਉਣ ਲਈ ਪ੍ਰਦੂਸ਼ਿਤ ਯਮੁਨਾ ਨਦੀ ਵਿੱਚ ਲੰਘੇ ਦਿਨ ਤੋਂ 15 ਕਿਸ਼ਤੀਆਂ ਉਤਾਰੀਆਂ ਹਨ ਅਤੇ ਝੱਗ ਦੂਰ ਕਰਨ ਲਈ ਅੱਜ ਬਾਂਸ ਦੇ ਢਾਂਚੇ ਲਗਾਏ ਗਏ ਤੇ ਟੈਂਕਰਾਂ ਤੋਂ ਪਾਣੀ ਦਾ ਛਿੜਕਾਅ ਕੀਤਾ ਗਿਆ। ਅੱਜ ਤੜਕੇ ਬਹੁਤ ਸਾਰੇ ਸ਼ਰਧਾਲੂ ਓਖਲਾ ਬੈਰਾਜ ਦੇ ਹੇਠਾਂ ਕਾਲਿੰਦੀ ਕੁੰਜ ਦੇ ਯਮੁਨਾ ਘਾਟ ’ਤੇ ਇਕੱਠੇ ਹੋਏ ਪਰ ਪੁਲੀਸ ਨੇ ਉਨ੍ਹਾਂ ਨੂੰ ਖਦੇੜ ਦਿੱਤਾ।
ਅਧਿਕਾਰੀਆਂ ਨੇ ਮੰਨਿਆ ਕਿ ਝੱਗ ਦੀ ਸਮੱਸਿਆ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਦਿੱਲੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਅਤੇ ਆਮ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਨੂੰ ਅਪਗਰੇਡ ਨਹੀਂ ਕੀਤਾ ਜਾਂਦਾ। ਦਿੱਲੀ ਜਲ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਝੱਗ ਦੂਰ ਕਰਨ ਲਈ ਪਾਣੀ ਛਿੜਕਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿਉਂਕਿ ਥੋੜੇ ਸਮੇਂ ਲਈ ਕੋਈ ਹੋਰ ਉਪਾਅ ਕੰਮ ਨਹੀਂ ਕਰੇਗਾ। ਪਾਣੀ ਛਿੜਕਣ ਨਾਲ ਝੱਗ ਬੈਠ ਜਾਵੇਗੀ। ਝੱਗ ਵਿੱਚ ਹਵਾ ਦੇ ਬੁਲਬੁਲੇ ਨਿਕਲ ਜਾਣਗੇ ਤੇ ਝੱਗ ਦੂਰ ਹੋ ਜਾਵੇਗੀ। ਸਿੰਚਾਈ ਤੇ ਹੜ੍ਹ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਝੱਗ ਲਈ ਕਾਲਿੰਦੀ ਕੁੰਜ ਦੇ ਹਿੱਸੇ ’ਤੇ ਬਾਂਸ ਦੇ ਜਾਲ ਲਗਾਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਪ੍ਰਭਾਵੀ ਕਾਰਵਾਈ ਯਕੀਨੀ ਨਹੀਂ ਹੋ ਜਾਂਦੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਛਠ ਪੂਜਾ ਮੌਕੇ ਝੱਗ ਵਿਚ ਸ਼ਰਧਾਲੂਆਂ ਨੂੰ ‘ਅਰਘ’ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਦਿੱਲੀ ਵਿਚ ਸੱਤਾਧਾਰੀ ‘ਆਪ’ ਅਤੇ ਭਾਜਪਾ ਵਿਚਕਾਰ ਸਿਆਸੀ ਹਲਚਲ ਸ਼ੁਰੂ ਹੋ ਗਈ ਸੀ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਨਦੀ ਦੀ ਤਰਸਯੋਗ ਹਾਲਤ ਨੂੰ ਲੁਕਾਉਣ ਲਈ ਯਮੁਨਾ ਕੰਢੇ ਛਠ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ‘ਆਪ’ ਦੇ ਗੋਪਾਲ ਰਾਏ ਤੇ ਰਾਘਵ ਚੱਢਾ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਦਰਿਆ ’ਚ ਗੰਧਲਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਦਵਈ ਨਗਰ ਵਿੱਚ ਕੀਤੀ ਛੱਠ ਪੂਜਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੂਰਬੀ ਕਿਦਵਈ ਨਗਰ ਵਿੱਚ ਛਠ ਪੂਜਾ ਦੇ ਜਸ਼ਨ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕੇਜਰੀਵਾਲ ਨੇ ਸ਼ਰਧਾਲੂਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਘਾਟਾਂ ’ਤੇ ਟੈਂਟ ਲਗਾਉਣ, ਲਾਈਟਾਂ ਲਗਾਉਣ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨ ਵਰਗੇ ਕਈ ਪ੍ਰਬੰਧ ਕੀਤੇ ਹਨ। ਦਿੱਲੀ ਸਰਕਾਰ ਦੇ ਮੰਤਰੀਆਂ ਸਮੇਤ ‘ਆਪ’ ਦੇ ਵਿਧਾਇਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨਗਰ ਨਿਗਮਾਂ ਦੇ ਕੌਂਸਲਰਾਂ ਵੱਲੋਂ ਵੀ ਛਠ ਪੂਜਾ ਦੌਰਾਨ ਡਿਊਟੀਆਂ ਨਿਭਾਈਆਂ ਗਈਆਂ। ਪ੍ਰਬੰਧਾਂ ਨੂੰ ਲੈ ਕੇ ‘ਆਪ’ ਅਤੇ ਦਿੱਲੀ ਨਗਰ ਨਿਗਮ ਦੇ ਤਿੰਨਾਂ ਵਿੰਗਾਂ ’ਤੇ ਕਾਬਜ਼ ਭਾਜਪਾ ਵਿਚਾਲੇ ਅੱਜ ਸ਼ਬਦੀ ਜੰਗ ਵੀ ਚੱਲਦੀ ਰਹੀ। ਦੋਹਾਂ ਧਿਰਾਂ ਨੇ ਇੱਕ-ਦੂਜੇ ’ਤੇ ਦੋਸ਼ ਲਾਏ ਤੇ ‘ਪੁਰਵਾਂਚਲੀਆਂ’ ਦੇ ਹਿਤੈਸ਼ੀ ਹੋਣ ਦਾ ਪ੍ਰਗਟਾਵਾ ਕੀਤਾ।
ਸਰਕਾਰ ਆਪਣੀ ਨਾਕਾਮੀ ’ਤੇ ਪਰਦਾ ਪਾਉਣਾ ਚਾਹੁੰਦੀ ਹੈ: ਛੱਠ ਪੂਜਾ ਸਮਿਤੀ
ਛਠ ਪੂਜਾ ਸਮਿਤੀ, ਕਾਲਿੰਦੀ ਕੁੰਜ ਦੇ ਚੇਅਰਮੈਨ ਵਿਕਾਸ ਰਾਏ ਨੇ ਕਿਹਾ ਕਿ ਸਰਕਾਰ ਆਪਣੀ ਨਾਕਾਮੀ ’ਤੇ ਪਰਦਾ ਪਾਉਣਾ ਚਾਹੁੰਦੀ ਹੈ। ਕਿਸ਼ਤੀਆਂ, ਬਾਂਸ ਦੇ ਬੈਰੀਕੇਡ ਹੱਲ ਨਹੀਂ ਹੈ। ਪਾਣੀ ਦਾ ਛਿੜਕਾਅ ਮਦਦ ਨਹੀਂ ਕਰੇਗਾ। ਇਸ ਨੂੰ ਹਟਾਉਣ ’ਤੇ ਝੱਗ ਵਾਪਸ ਆ ਜਾਵੇਗੀ। ਇਹ ਅੱਖੀਂ ਘੱਟਾ ਪਾਉਣ ਦੇ ਬਰਾਬਰ ਹੈ ਤਾਂ ਜੋ ਮੀਡੀਆ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਨਾ ਕਰੇ। ਯਮੁਨਾ ’ਤੇ ਪ੍ਰਦੂਸ਼ਣ ਦੀ ਝੱਗ ਦੇ ਤੈਰਦੇ ਹੋਏ ਪਾਏ ਜਾਣ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਇਸ ਨੂੰ ਹਟਾਉਣ ਲਈ 15 ਕਿਸ਼ਤੀਆਂ ਤਾਇਨਾਤ ਕੀਤੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਯੋਜਨਾ ਦੀ ਕਲਪਨਾ ਕੀਤੀ ਅਤੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਅਤੇ ਮਾਲ ਵਿਭਾਗ ਦੀ ਮਦਦ ਨਾਲ ਇਸ ਨੂੰ ਲਾਗੂ ਕੀਤਾ।
ਛਠ ਪੂਜਾ ਲਈ ਸਰਕਾਰ ਨੇ ਬਣਾਏ ਹਨ ਅੱਠ ਸੌ ਅਸਥਾਈ ਘਾਟ
ਦਿੱਲੀ ਸਰਕਾਰ ਨੇ ਛਠ ਰੀਤੀ ਰਿਵਾਜ ਕਰਨ ਲਈ ਸ਼ਰਧਾਲੂਆਂ ਲਈ ਦਿੱਲੀ ਵਿੱਚ 800 ਅਸਥਾਈ ਘਾਟ ਬਣਾਏ ਹਨ। ਛਠ ਪੂਜਾ ਦਾ ਚਾਰ ਦਿਨ ਚੱਲਣ ਵਾਲਾ ਤਿਉਹਾਰ ਮੁੱਖ ਤੌਰ ’ਤੇ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਤੇ ਝਾਰਖੰਡ ਦੇ ਦਿੱਲੀ ਵਿੱਚ ਵਸੇ ਹੋਏ ‘ਪੂਰਵਾਂਚਲੀ’ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ। ਸ਼ਰਧਾਲੂ ਸੂਰਜ ਨੂੰ ‘ਅਰਘ’ ਭੇਟ ਕਰਕੇ ਤੇ ਵਰਤ ਰੱਖ ਕੇ ਰਸਮਾਂ ਨਿਭਾਉਂਦੇ ਹਨ।