ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦੇਸ਼ ਦੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਵਿੱਚ ਵੱਡੇ ਪੱਧਰ ’ਤੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿੱਚ ‘ਆਪ’ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਆਸਾਨ ਮਹੀਨਾਵਾਰ ਕਿਸ਼ਤਾਂ (ਈਐੱਮਆਈ) ’ਤੇ ਇਲੈਕਟ੍ਰਿਕ ਦੋਪਹੀਆ ਵਾਹਨ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਈ-ਸਾਈਕਲਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡੀ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਦੇ ਨਾਲ ਪਹਿਲੇ 10,000 ਇਲੈਕਟ੍ਰਿਕ ਸਾਈਕਲ ਖਰੀਦਦਾਰਾਂ ਨੂੰ 25 ਫੀਸਦੀ (10,000 ਰੁਪਏ ਤੱਕ) ਖਰੀਦ ਪ੍ਰੋਤਸਾਹਨ ਮਿਲੇਗਾ, ਜਦੋਂ ਕਿ ਪਹਿਲੇ 1,000 ਨੂੰ 2,000 ਰੁਪਏ ਦਾ ਇੱਕ ਵਾਧੂ ਖਰੀਦ ਪ੍ਰੋਤਸਾਹਨ ਦਿੱਤਾ ਜਾਵੇਗਾ। ਅਧਿਕਾਰਤ ਅਨੁਮਾਨਾਂ ਅਨੁਸਾਰ ਦਿੱਲੀ ਸਰਕਾਰ ਕੋਲ ਦੋ ਲੱਖ ਤੋਂ ਵੱਧ ਕਰਮਚਾਰੀ ਹਨ। ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਕੇਜਰੀਵਾਲ ਸਰਕਾਰ ਹੁਣ ਆਪਣੇ ਕਰਮਚਾਰੀਆਂ ਨੂੰ ਇਲੈਕਟ੍ਰਿਕ ਦੁਪਹੀਆ ਵਾਹਨ ਮੁਹੱਈਆ ਕਰਵਾਉਣ ਲਈ ਐਨਰਜੀ ਐਫੀਸ਼ੈਂਸੀ ਸਰਵਿਸਿਜ਼ ਲਿਮਟਿਡ ਦੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ ਨਾਲ ਇਕਰਾਰਨਾਮੇ ’ਤੇ ਵਿਚਾਰ ਕਰ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਕਿਉਂਕਿ ਦੁਪਹੀਆ ਵਾਹਨ (ਸਕੂਟਰ ਤੇ ਬਾਈਕ) ਦਿੱਲੀ ਵਿੱਚ ਦੋ-ਤਿਹਾਈ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਯੋਗਦਾਨ ਪਾਉਂਦੇ ਹਨ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਹਿੱਸੇ ਨੂੰ ਇੱਕ ਇਲੈਕਟ੍ਰਿਕ ਮਾਡਲ ਵਿੱਚ ਬਦਲਿਆ ਜਾਵੇ ਤਾਂ ਜੋ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਮਹੱਤਵਪੂਰਨ ਰੂਪ ਵਿੱਚ ਘਟਾਉਣ ਵਿੱਚ ਮਦਦ ਕੀਤੀ ਜਾ ਸਕੇ।