ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜਨਵਰੀ
ਕੌਮੀ ਬਾਲੜੀ ਦਿਵਸ ਮੌਕੇ ਦਿੱਲੀ ਸਰਕਾਰ ਨੇ ਦਸਤਖ਼ਤ ਮੁਹਿੰਮ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਮਹਿਲਾ ਤੇ ਬਾਲ ਵਿਕਾਸ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਡੀਡਬਲਯੂਸੀਡੀ ਹੈੱਡਕੁਆਰਟਰਾਂ ਨਾਲ ਡਿਜੀਟਲ ਗੱਲਬਾਤ ਕਰਦਿਆਂ ਬੱਚਿਆਂ ਦੀ ਦੇਖਭਾਲ ਸੰਸਥਾਵਾਂ ਵਿਚ ਰਹਿੰਦੇ ਬੱਚਿਆਂ ਨੂੰ ਸੰਬੋਧਨ ਕੀਤਾ।
ਰਾਜਿੰਦਰ ਪਾਲ ਗੌਤਮ ਨੇ ਕਿਹਾ, ‘ਮੈਂ ਬੱਚਿਆਂ ਨੂੰ ਬਾਲ ਦੇਖਭਾਲ ਸੰਸਥਾਵਾਂ ਵਿੱਚ ਸੁਧਾਰਾਂ ਬਾਰੇ ਆਪਣੇ ਸੁਝਾਅ ਦੇਣ ਦੀ ਅਪੀਲ ਕਰਨਾ ਚਾਹੁੰਦਾ ਹਾਂ। ਪੂਰੇ ਦੇਸ਼ ਲਈ ਬਾਲ ਸੰਭਾਲ ਸੰਸਥਾਵਾਂ ਦੇ ਲਿਹਾਜ਼ ਨਾਲ ਦਿੱਲੀ ਨੂੰ ਇਕ ਆਦਰਸ਼ ਰਾਜ ਬਣਾਵਾਂਗੇ।’ ਇਸ ਸਮੇਂ ਦੌਰਾਨ ਬੱਚਿਆਂ ਨੇ ਕਵਿਤਾਵਾਂ ਤੇ ਗੀਤ ਗਾਏ ਅਤੇ ਮੰਤਰੀ ਨਾਲ ਗੱਲਬਾਤ ਕੀਤੀ। ਗੌਤਮ ਨੇ ਡੀਡਬਲਯੂਸੀਡੀ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ। ਇਹ ਪ੍ਰਾਜੈਕਟ ਬੱਚਿਆਂ ਦੀ ਦੇਖਭਾਲ ਤੇ ਮਹਿਲਾ ਦੀਆਂ ਸੰਸਥਾਵਾਂ ਦਰਮਿਆਨ ਰਚਨਾਤਮਕ ਗਤੀਵਿਧੀਆਂ ਨੂੰ ਉਤਸ਼ਾਹਤ ਕਰੇਗਾ। ਬਾਲ ਦੇਖਭਾਲ ਸੰਸਥਾਵਾਂ ਦੇ ਬੱਚਿਆਂ ਦੁਆਰਾ ਇਸ ਮੌਕੇ ਪੋਸਟਰ ਤਿਆਰ ਕੀਤੇ ਗਏ ਸਨ। ਬੱਚਿਆਂ ਦੇ ਸਿਰਜਣਾਤਮਕ ਕੰਮਾਂ ਦੀ ਪ੍ਰਦਰਸ਼ਨੀ ਡੀਡਬਲਯੂਸੀਡੀ ਹੈੱਡਕੁਆਰਟਰ ਵਿੱਚ ਲਗਾਈ ਗਈ। ਇਸ ਦਾ ਉਦਘਾਟਨ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਦੀਪ ਜਗਾ ਕੇ ਕੀਤਾ। ਵਿਭਾਗ ਦੇ ਡਾਇਰੈਕਟਰ ਡਾ. ਰਸ਼ਮੀ ਸਿੰਘ ਨੇ ਡੀਡਬਲਯੂਸੀਡੀ ਦੇ ਪ੍ਰਧਾਨ ਅਨੁਰਾਗ ਕੁੰਡੂ ਤੇ ਹੋਰ ਅਧਿਕਾਰੀਆਂ ਦਾ ਸਵਾਗਤ ਕੀਤਾ।
ਇਸ ਦੌਰਾਨ ਗੌਤਮ ਨੇ ਬੱਚਿਆਂ ਨੂੰ ਅੱਗੇ ਆਉਣ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਵਿੱਚ ਸੁਧਾਰ ਸੰਬੰਧੀ ਸੁਝਾਅ ਦੇਣ ਦੀ ਅਪੀਲ ਕੀਤੀ। ਪੂਰੇ ਦੇਸ਼ ਲਈ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦੇ ਪ੍ਰਸੰਗ ਵਿਚ, ਮੰਤਰੀ ਨੇ ਦਿੱਲੀ ਨੂੰ ਇਕ ਨਮੂਨਾ ਰਾਜ ਬਣਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ।