ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰ ਵਿੱਚ ਕੋਵਿਡ-19 ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਤੇ ਲੋੜ ਪੈਣ ’ਤੇ ਸਕੂਲਾਂ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨਾਲ ਸਬੰਧਤ ਹਸਪਤਾਲ ਵਿੱਚ ਦਾਖਲਾ ਨਹੀਂ ਵਧਿਆ ਹੈ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਮੁੱਖ ਮੰਤਰੀ ਦਾ ਬਿਆਨ ਦਿੱਲੀ ਵਿੱਚ 299 ਨਵੇਂ ਕੋਵਿਡ-19 ਕੇਸ ਆਉਣ ਤੋਂ ਬਾਅਦ ਆਇਆ ਹੈ। ਸ਼ਹਿਰ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਪਾਜ਼ੇਟਿਵ ਦਰ 2.49 ਫ਼ੀਸਦ ਹੋ ਗਈ ਹੈ।
ਉਨ੍ਹਾਂ ਨੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਜੇਕਰ ਲੋੜ ਪਈ ਤਾਂ ਅਸੀਂ ਦਿੱਲੀ ਦੇ ਸਕੂਲਾਂ ਲਈ ਇੱਕ ਐੱਸਓਪੀ ਲਿਆਵਾਂਗੇ।’’ ਦਿੱਲੀ ਵਿੱਚ ਕੋਵਿਡ ਪਾਜ਼ੇਟਿਵ ਦਰ ਇੱਕ ਹਫ਼ਤੇ ਵਿੱਚ 0.5 ਫ਼ੀਸਦ ਤੋਂ ਵੱਧ ਕੇ 2.70 ਫ਼ੀਸਦ ਹੋ ਗਈ ਹੈ। ਇੱਥੋਂ ਤੱਕ ਕਿ ਡਾਕਟਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਘਬਰਾਹਟ ਵਾਲੀ ਸਥਿਤੀ ਨਹੀਂ ਹੈ ਕਿਉਂਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਅਜੇ ਵੀ ਘੱਟ ਹੈ। ਉਨ੍ਹਾਂ ਨੇ ਕਰੋਨਵਾਇਰਸ ਤੋਂ ਸਾਵਧਾਨ ਕੀਤਾ ਹੈ।
ਵਿਦਿਆਰਥੀ ਤੇ ਅਧਿਆਪਕ ਕਰੋਨਾ ਪਾਜ਼ੇਟਿਵ
ਦਿੱਲੀ ਦੇ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਅਤੇ ਇੱਕ ਅਧਿਆਪਕ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਪ੍ਰਭਾਵਿਤ ਵਿਦਿਆਰਥੀ ਦੇ ਸਾਰੇ ਸਹਿਪਾਠੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਕੌਮੀ ਰਾਜਧਾਨੀ ਵਿੱਚ ਤਾਜ਼ਾ ਲਾਗ ਦਾ ਮਾਮਲਾ ਨੋਇਡਾ ਅਤੇ ਗਾਜ਼ੀਆਬਾਦ ਦੇ ਨਾਲ ਲੱਗਦੇ ਸਕੂਲਾਂ ਵਿੱਚ ਆਇਆ ਹੈ। ਚਿੰਤਾਜਨਕ ਹਾਲਤ ਇਹ ਵੀ ਹੈ ਕਿ ਦਿੱਲੀ ਵਿੱਚ 299 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ ਹਨ ਤੇ ਪਾਜ਼ੇਟਿਵ ਦਰ ਵਧੀ ਹੈ। ਪਿਛਲੇ ਦਿਨ ਦੇ ਕੇਸਾਂ ਦੀ ਗਿਣਤੀ 202 ਦੇ ਮੁਕਾਬਲੇ ਲਗਪਗ 50 ਫ਼ੀਸਦ ਦਾ ਵਾਧਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦੇ ਕੁੱਲ ਮਾਮਲੇ ਹੁਣ ਵੱਧ ਕੇ 18,66,881 ਹੋ ਗਏ ਹਨ। ਵਿਧਾਇਕਾ ਆਤਿਸ਼ ਨੇ ਕਿਹਾ, ‘ਇੱਕ ਬੱਚੇ ਅਤੇ ਇੱਕ ਅਧਿਆਪਕ ਦੇ ਕੋਵਿਡ ਟੈਸਟ ਪਾਜ਼ੇਟਿਵ ਹੋਣ ਦੀਆਂ ਰਿਪੋਰਟਾਂ ਹਨ। ਕਲਾਸ ਦੇ ਹੋਰ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਾਂਗੇ: ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਥੋੜ੍ਹਾ ਵਾਧਾ ਹੋਇਆ ਹੈ ਪਰ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਇੱਥੇ ਕੋਈ ਹਸਪਤਾਲ ਦਾਖਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਕੱਲ੍ਹ ਇਸ ਸਬੰਧ ਵਿੱਚ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਦਿੱਲੀ ਦੇ ਸਕੂਲ ਅਗਲੇ ਚਾਰ ਦਿਨ ਲਈ ਬੰਦ ਰਹਿਣਗੇ। ਸਿੱਖਿਆ ਮੰਤਰੀ ਸਿਸੋਦੀਆ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਿਸੋਦੀਆ ਨੇ ਕਿਹਾ, ‘ਸਾਨੂੰ ਕੋਵਿਡ ਦੇ ਨਾਲ ਰਹਿਣਾ ਸਿੱਖਣਾ ਪਏਗਾ। ਅਸੀਂ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ।’’ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕੁਝ ਸਕੂਲਾਂ ਤੋਂ ਰਿਪੋਰਟਾਂ ਮਿਲੀਆਂ ਹਨ, ਜਿੱਥੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਟੈਸਟ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।
ਦਿੱਲੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਇੱਕ ਵਿੰਗ ਜਾਂ ਪੂਰੇ ਕੰਪਲੈਕਸ ਨੂੰ ਬੰਦ ਕਰ ਦੇਣ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਇਹ ਸਲਾਹ ਸ਼ਹਿਰ ਵਿੱਚ ਪਾਜ਼ੇਟਿਵ ਦਰ ਵਿੱਚ ਵਾਧੇ ਅਤੇ ਵਿਦਿਆਰਥੀਆਂ ਦੇ ਟੈਸਟ ਪਾਜ਼ੇਟਿਵ ਆਉਣ ਦੇ ਆਧਾਰ ’ਤੇ ਆਈ ਹੈ।