ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟੀਕੇ ਦੀ ਘਾਟ ਬਾਰੇ ਕੇਂਦਰ ਸਰਕਾਰ ਦੇ ਰਵੱਈਏ ’ਤੇ ਜ਼ੋਰਦਾਰ ਹਮਲਾ ਕੀਤਾ। ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਨੀਸ਼ ਸਿਸੋਦੀਆ ਨੇ ਕਿਹਾ, ‘‘ਸਾਡੇ ਵਿਗਿਆਨੀਆਂ ਨੇ ਦੇਸ਼ ਲਈ 2-2 ਟੀਕੇ ਲੱਭੇ ਹਨ। ਲੋਕਾਂ ਨੇ ਟੀਕੇ ਤੋਂ ਉਮੀਦ ਜਤਾਈ ਕਿ ਉਹ ਹੁਣ ਕਰੋਨਾ ਤੋਂ ਨਹੀਂ ਮਰਨਗੇ। ਇਸ ਦੇ ਬਾਵਜੂਦ ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਕਰੋਨਾ ਤੋਂ ਬਚਾਉਣ ਦੇ ਯੋਗ ਨਹੀਂ ਹਾਂ। ਇਹ ਇਸ ਲਈ ਹੋਇਆ ਕਿਉਂਕਿ ਉਸ ਸਮੇਂ ਜਦੋਂ ਦੇਸ਼ ਵਿਚ ਲੋਕ ਕਰੋਨਾ ਨਾਲ ਸੰਘਰਸ਼ ਕਰ ਰਹੇ ਸਨ, ਇਲਾਜ ਨਾ ਹੋਣ ਕਰਕੇ ਦਮ ਤੋੜ ਰਹੇ ਸਨ, ਕੇਂਦਰ ਸਰਕਾਰ ਵਿਦੇਸ਼ਾਂ ਵਿਚ ਟੀਕਾ ਬਰਾਮਦ ਕਰਕੇ ਆਪਣਾ ਅਕਸ ਬਣਾਉਣ ਵਿਚ ਲੱਗੀ ਹੋਈ ਸੀ।’’
ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 2 ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ 93 ਦੇਸ਼ਾਂ ਨੂੰ 6.5 ਕਰੋੜ ਟੀਕੇ ਭੇਜੇ ਹਨ ਤੇ ਇਨ੍ਹਾਂ 2 ਮਹੀਨਿਆਂ ਵਿੱਚ ਭਾਰਤ ਵਿੱਚ ਕਰੋਨਾ ਕਾਰਨ ਲਗਭਗ 1 ਲੱਖ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਇਹ ਟੀਕਾ ਵੇਚ ਰਹੀ ਹੈ, ਜਿਸ ਨਾਲ ਭਾਰਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਅਤੇ ਸਿਰਫ ਆਪਣਾ ਅਕਸ ਬਣਾਉਣ ਲਈ ਇਹ ਟੀਕੇ ਵਿਦੇਸ਼ਾਂ ਨੂੰ ਦਿੱਤੇ, ਜੋ ਇੱਥੋਂ ਦੇ ਲੋਕਾਂ ਦੇ ਕੰਮ ਆਉਂਦੇ ਤਾਂ ਮੌਤ ਦਰ ਘੱਟ ਹੁੰਦੀ। 22 ਅਪਰੈਲ 2021 ਨੂੰ ਵੀ ਜਦੋਂ ਭਾਰਤ ਵਿਚ 3.32 ਲੱਖ ਮਾਮਲੇ ਸਨ, ਉਸ ਦਿਨ ਕੇਂਦਰ ਸਰਕਾਰ ਨੇ ਪੈਰਾਗੁਏ ਨੂੰ ਦੋ ਲੱਖ ਟੀਕੇ ਦਰਾਮਦ ਕੀਤੇ ਸਨ, ਜਦੋਂ ਸਾਡੇ ਆਪਣੇ ਦੇਸ਼ ਵਿਚ ਕਰੋਨਾ ਬੇਕਾਬੂ ਹੋ ਗਈ ਤਾਂ ਵੀ ਕੇਂਦਰ ਸਰਕਾਰ ਟੀਕੇ ਦੇ ਨਿਰਯਾਤ ਵਿਚ ਲੱਗੀ ਹੋਈ ਸੀ।