ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ‘ਚੰਗੇ ਅਕਸ ਵਾਲਾ’ ਕਰਾਰ ਦੇ ਕੇ ਜ਼ਮਾਨਤ ਦਿਵਾ ਦਿੱਤੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦਾ ਏਮਸ ਹਸਪਤਾਲ ਦੇ ਬਾਹਰ ਉਦੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਡਿਊਟੀ ਦੌਰਾਨ ਜਨਤਕ ਤੌਰ ‘ਤੇ ਸਿਗਰਟਨੋਸ਼ੀ ਦਾ ਵਿਰੋਧ ਕੀਤਾ ਸੀ। ਇਸ ਕੇਸ ਵਿਚ ਦੋਸ਼ੀ ਰੋਹਿਤ ਕ੍ਰਿਸ਼ਨ ਮਹੰਤਾ ਜੇਲ੍ਹ ਵਿਚ ਬੰਦ ਸੀ ਪਰ ਕੇਜਰੀਵਾਲ ਸਰਕਾਰ ਨੇ ਉਸਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਨਹੀਂ ਕੀਤਾ ਸਗੋਂ ਦਿੱਲੀ ਸਰਕਾਰ ਅਧੀਨ ਆਉਂਦੇ ਜੇਲ੍ਹ ਸੁਪਰਡੰਟ ਨੇ ਕਤਲ ਕਰਨ ਵਾਲੇ ਨੂੰ ‘ਚੰਗੇ ਆਚਰਨ ਤੇ ਚੰਗੇ ਅਕਸ’ ਵਾਲਾ ਕਰਾਰ ਦੇ ਕੇ ਜ਼ਮਾਨਤ ਦੇਣ ਦੀ ਸਿਫਾਰਸ਼ ਕੀਤੀ ਸੀ ਜਿਸਦੇ ਕਾਰਨ ਉਸਦੀ ਜ਼ਮਾਨਤ ਹੋ ਗਈ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਸਰਕਾਰ ਨੇ ਸਿੱਖ ਵਿਰੋਧੀ ਸਟੈਂਡ ਲਿਆ ਹੋਵੇ। ਇਸ ਤੋਂ ਪਹਿਲਾਂ ਇਸ ਸਰਕਾਰ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਾਹਰ ਪਿਆਊ ਤੁੜਵਾਉਣ ਦਾ ਗੁਨਾਹ ਕੀਤਾ ਤੇ ਸਰਕਾਰ ਨੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਨਾਲ ਵੀ ਦੁਸ਼ਮਣੀ ਕੱਢੀ ਸੀ।