ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਿਆਸੀ ਖਾਹਿਸ਼ਾਂ ਕਾਰਨ ਰਾਜਧਾਨੀ ਦਿੱਲੀ ਵਿੱਚ ਔਰਤਾਂ ਵਿਰੁੱਧ ਐੱਨ.ਸੀ.ਆਰ.ਬੀ. ਰਿਪੋਰਟ ਮੁਤਾਬਕ ਅਪਰਾਧ ਵਿੱਚ 41 ਫੀਸਦੀ ਵਾਧਾ ਹੋਇਆ ਹੈ। ਅਰਵਿੰਦ ਕੇਜਰੀਵਾਲ ਨੇ ਔਰਤਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਭ੍ਰਿਸ਼ਟਾਚਾਰ, ਜਬਰ-ਜਨਾਹ, ਜਿਨਸੀ ਸ਼ੋਸ਼ਣ ਨੂੰ ਖਤਮ ਕਰਨ ਦਾ ਨਾਅਰਾ ਦੇ ਕੇ ਦਿੱਲੀ ਦੀ ਸੱਤਾ ’ਤੇ ਕਬਜ਼ਾ ਕੀਤਾ ਪਰ ਔਰਤਾਂ ਦੇ ਅਪਰਾਧ ਅਤੇ ਭ੍ਰਿਸ਼ਟਾਚਾਰ ’ਚ ਦਿੱਲੀ ਪਹਿਲੇ ਨੰਬਰ ’ਤੇ ਹੈ। ਉਨ੍ਹਾਂ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਦੌਰਾਨ ਕਿਹਾ ਕਿ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਦੀ ਲਾਪਰਵਾਹੀ ਕਾਰਨ ਦਿੱਲੀ ਅਪਰਾਧ ਦੀ ਰਾਜਧਾਨੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਹਰ ਰੋਜ਼ ਦੋ ਨਾਬਾਲਗ ਲੜਕੀਆਂ ਨਾਲ ਜਬਰ-ਜਨਾਹ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਤੋਂ ਬਾਅਦ ਦਿੱਲੀ ਵਿੱਚ ਹਰ ਪਾਸੇ ਵਧ ਰਹੇ ਅਪਰਾਧਾਂ ਦੇ ਮਾਮਲੇ ਸਪੱਸ਼ਟ ਕਰਦੇ ਹਨ ਕਿ ਸਰਕਾਰ ਦਿੱਲੀ ਵਾਸੀਆਂ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਰਾਜਧਾਨੀ ’ਚ 2020 ਦੇ ਮੁਕਾਬਲੇ 2021 ’ਚ ਔਰਤਾਂ ਅਤੇ ਨਾਬਾਲਗ ਲੜਕੀਆਂ ਖਿਲਾਫ ਜਿਨਸੀ ਸ਼ੋਸ਼ਣ ਤੇ ਜਬਰ-ਜਨਾਹ ਦੇ ਮਾਮਲਿਆਂ ’ਚ ਅਚਾਨਕ ਉਛਾਲ ਆਇਆ ਹੈ ਕਿਉਂਕਿ ਸੜਕਾਂ ’ਤੇ ਦਿੱਲੀ ’ਚ ਕੇਜਰੀਵਾਲ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਗਲੀ-ਮੁਹੱਲੇ, ਹਰ ਲਾਲ ਬੱਤੀ ’ਤੇ, ਬਾਜ਼ਾਰਾਂ ’ਚ, ਸਕੂਲਾਂ ਤੇ ਮੰਦਰਾਂ ਦੇ ਨੇੜੇ ਖੋਲ੍ਹ ਦਿੱਤੇ ਗਏ।