ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਾਰਚ
ਭਾਜਪਾ ਦੇ ਨੌਜਵਾਨ ਆਗੂ ਪ੍ਰਤੀਕ ਜਾਨੂੰ ਵੱਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਸਿੱਖ ਮੁੱਦੇ ਵਿਚਾਰੇ ਗਏ। ਦਿੱਲੀ ਸਥਿਤ ਕੇਂਦਰੀ ਰੱਖਿਆ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਜਾਨੂੰ ਨੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸਿੱਖਾਂ ਨੂੰ ਭਾਜਪਾ ਦੇ ਕੋਟੇ ਵਿੱਚੋਂ ਟਿਕਟਾਂ ਦਿੱਤੀਆਂ ਜਾਣ ਦੀ ਮੰਗ ਰੱਖੀ। ਉਨ੍ਹਾਂ ਨੇੇ ਦਿੱਲੀ ਦੇ ਸਿੱਖਾਂ ਨੂੰ ਭਾਜਪਾ ਵੱਲੋਂ ਦਿੱਤੇ ਜਾ ਰਹੇ ਸਨਮਾਨ ਲਈ ਧੰਨਵਾਦ ਕੀਤਾ।
ਮੀਟਿੰਗ ਮਗਰੋਂ ਜਾਨੂੰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕੇ ਨੋਇਡਾ ਤੋਂ ਰੱਖਿਆ ਮੰਤਰੀ ਦੇ ਪੁੱਤਰ ਪੰਕਜ ਸਿੰਘ ਨੇ ਇੱਕ ਲੱਖ 80,513 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਤੇ ਰਾਜਨਾਥ ਸਿੰਘ ਦੇ ਪ੍ਰਭਾਵ ਦਾ ਵੀ ਅਸਰ ਰਿਹਾ। ਦੇਸ਼ ਦੀ ਰੱਖਿਆ ਖ਼ਾਸ ਕਰਕੇ ਪੱਛਮੀ ਸਰਹੱਦ ਦੇ ਪਾਰੋਂ ਦਹਿਸ਼ਤੀ ਹਰਕਤਾਂ ਪ੍ਰਤੀ ਸਰਕਾਰ ਦੀ ਚੌਕਸੀ ਬਾਰੇ ਵੀ ਜਾਨੂੰ ਨੇ ਦੱਸਿਆ ਕਿ ਸਰਕਾਰ ਹਰ ਮੁੱਦੇ ਪ੍ਰਤੀ ਗੰਭੀਰ ਹੈ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਚਾਹੇ ਕੁੱਝ ਮਹੀਨਿਆਂ ਲਈ ਟਲ਼ ਗਈਆਂ ਹਨ ਪਰ ਦਿੱਲੀ ਦੇ ਸਿੱਖਾਂ ਵੱਲੋਂ ਹੁਣੇ ਤੋਂ ਟਿਕਟਾਂ ਲਈ ਭੱਜ-ਦੌੜ ਸ਼ੁਰੂ ਕਰ ਦਿੱਤੀ ਗਈ ਹੈ।