ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਮੇਟੀ ਦੇ ਮੈਡੀਕਲ ਸਟੋਰ ਬਾਲਾ ਪ੍ਰੀਤਮ ਦਵਾਖਾਨੇ ਤੋਂ ਘਰ ਬੈਠਿਆਂ ਦਵਾਈ ਮੰਗਵਾਉਣ ਲਈ ਗੋਲਡਨ ਐਪ ਜਾਰੀ ਕੀਤੀ।
ਇਹ ਐਪ ਜਾਰੀ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਜਿਸ ਫੈਕਟਰੀ ਰੇਟ ’ਤੇ ਬਾਲਾ ਪ੍ਰੀਤਮ ਦਵਾਖਾਨੇ ’ਤੇ ਦਵਾਈ ਉਪਲਬਧ ਹੈ, ਉਸੇ ਰੇਟ ’ਤੇ ਲੋਕ ਖਾਸ ਤੌਰ ’ਤੇ ਬਜ਼ੁਰਗ ਆਪਣੇ ਘਰ ਬੈਠੇ ਦਵਾਈ ਮੰਗਵਾ ਸਕਦੇ ਹਨ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਾਲੰਟੀਅਰ ਘਰ ਬੈਠੇ ਲੋਕਾਂ ਨੂੰ ਦਵਾਈ ਸਪਲਾਈ ਕਰਨਗੇ। ਉਨ੍ਹਾਂ ਦੱਸਿਆ ਕਿ ਦਵਾਈ ਮੰਗਵਾਉਣ ਵਾਸਤੇ ਲੋਕਾਂ ਨੂੰ ਆਪੋ ਆਪਣੇ ਮੋਬਾਈਲ ਫੋਨ ’ਤੇ ਇਹ ਐਪ ਡਾਊਨਲੋਡ ਕਰਨ ’ਤੇ ਬਾਲਾ ਪ੍ਰੀਤਮ ਦਵਾਖਾਨੇ ਦੀ ਆਪਸ਼ਨ ਆ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਸਹੂਲਤ ਸ਼ੁਰੂ ਕਰਨ ਵਾਸਤੇ ਉਨ੍ਹਾਂ ਨੇ ਸੀਨੀਅਰ ਸਿਟੀਜ਼ਨਜ਼ ਐਪ ਨਾਲ ਟਾਈਅਪ ਕੀਤਾ ਹੈ ਅਤੇ ਸਾਡਾ ਮਕਸਦ ਲੋਕਾਂ ਖਾਸ ਤੌਰ ’ਤੇ ਬਜ਼ੁਰਗਾਂ ਨੂੰ ਘਰ ਬੈਠਿਆਂ ਹੀ ਸਸਤੀਆਂ ਦਵਾਈਆਂ ਉਪਲਬਧ ਕਰਵਾਉਣਾ ਹੈ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਐਪ ਆਪੋ ਆਪਣੇ ਫੋਨਾਂ ਵਿਚ ਡਾਊਨਲੋਡ ਕਰਨ ਦੀ ਅਪੀਲ ਵੀ ਕੀਤੀ।