ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ ਮੀਟਿੰਗ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ ਜਿਸ ‘ਚ ਇਹ ਫ਼ੈਸਲਾ ਲਿਆ ਗਿਆ ਆਗਾਮੀ ਗਰਮੀ ਦੀਆਂ ਛੁੱਟੀਆਂ ਵਿਚ ਦਿੱਲੀ ਦੇ ਵੱਖ-ਵੱਖ ਹਲਕਿਆਂ ਵਿਚ ਗੁਰਮਤਿ ਕੈਂਪ ਲਗਾਏ ਜਾਣਗੇ। ਕਰਮਸਰ ਨੇ ਦੱਸਿਆ ਕਿ ਗੁਰਮਤਿ ਕੈਂਪ ਲਗਾਉਣ ਸਬੰਧੀ ਰੂਪਰੇਖਾ ਤਿਆਰ ਕਰਨ ਲਈ ਮੀਟਿੰਗ ਬੁਲਾਈ ਗਈ ਸੀ ਜਿਸ ‘ਚ ਦਿੱਲੀ ਦੀਆਂ ਲਗਪਗ 20 ਸਹਿਯੋਗੀ ਸੰਸਥਾਵਾਂ ਵੱਲੋਂ ਹਿੱਸਾ ਲਿਆ ਗਿਆ। ਉਨ੍ਹਾਂ ਦੱਸਿਆ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ 4 ਜੂਨ ਤੋਂ 25 ਜੂਨ ਤੱਕ ਦਿੱਲੀ ਦੇ ਵੱਖ-ਵੱਖ ਹਲਕਿਆਂ ‘ਚ ਗੁਰਮਤਿ ਕੈਂਪ ਲਗਾਏ ਜਾਣਗੇ ਜਿਸ ‘ਚ ਗੁਰਮੁੱਖੀ, ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਗੁਰਬਾਣੀ ਕੰਠ, ਦਸਤਾਰ ਸਿਖਲਾਈ ਆਦਿ ਦੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਵੇਗੀ। ਇਨ੍ਹਾਂ ਗੁਰਮਤਿ ਕੈਂਪਾਂ ‘ਚ ਦਿੱਲੀ ਕਮੇਟੀ ਵੱਲੋਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪ੍ਰਚਾਰ ਕਾਇਮ ਕਰ ਸਕਦਾ ਹੈ। ਇਨ੍ਹਾਂ ਗੁਰਮਤਿ ਕੈਂਪਾਂ ਦਾ ਮੁੱਖ ਸਮਾਗਮ 25 ਜੂਨ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇਗਾ।