ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਕਮੇਟੀ ਉਸ ਖ਼ਿਲਾਫ਼ ਕੇਸ ਦਰਜ ਕਰਵਾਏਗੀ। ਸਿਰਸਾ ਨੇ ਕਿਹਾ ਕਿ ਉਸਨੂੰ ਜੇਲ੍ਹ ਵੀ ਛੱਡ ਕੇ ਆਵਾਂਗੇ ਤੇ ਐਸਾ ਸਬਕ ਸਿਖਾਵਾਂਗੇ ਕਿ ਉਸਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਜੋ ਗੁਨੀ ਪ੍ਰਕਾਸ਼ ਨੇ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ, ਉਸਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਨਸਲੀ ਟਿੱਪਣੀ ਅਚਾਨਕ ਹੀ ਨਹੀਂ ਕੀਤੀ ਗਈ ਬਲਕਿ ਇਕ ਗਿਣੀ ਮਿਥੀ ਸਾਜਿਸ਼ ਤਹਿਤ ਅਜਿਹਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਬਿਆਨ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਤੇ ਦੁਨੀਆਂ ਵਿਚ ਕਿਸੇ ਦੀ ਜ਼ੁਰੱਅਤ ਨਹੀਂ ਹੈ ਕਿ ਖਾਲਸਾ ਦੀ ਦਸਤਾਰ ਨੂੰ ਹੱਥ ਪਾ ਸਕੇ। ਸਿਰਸਾ ਨੇ ਕਿਹਾ ਕਿ ਇਹ ਬਿਆਨ ਹਿੰਦੂ ਤੇ ਸਿੱਖਾਂ ਅੰਦਰ ਪਾੜਾ ਪਾਉਣ ਦੇ ਮਨਸ਼ੇ ਨਾਲ ਉਸੇ ਤਰੀਕੇ ਦਿੱਤਾ ਗਿਆ ਹੈ ਜਿਵੇਂ 26 ਜਨਵਰੀ ਦੇ ਸੰਘਰਸ਼ ਨੂੰ ਸਰਕਾਰ ਨੇ ਸਿਰਫ ਸਿੱਖਾਂ ਦਾ ਸੰਘਰਸ਼ ਦੱਸ ਕੇ ਸਿੱਖਾਂ ਦੀ ਦੁਨੀਆਂ ਭਰ ਵਿਚ ਬਦਨਾਮੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਫੇਲ੍ਹ ਹੋਈ, ਉਸੇ ਤਰੀਕੇ ਗੁਨੀ ਪ੍ਰਕਾਸ਼ ਵੀ ਫੇਲ੍ਹ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇੰਨੇ ਕਮਜ਼ੋਰ ਨਹੀਂ ਹਾਂ ਕਿ ਕੋਈ ਸਿੱਖਾਂ ਦੀ ਦਸਤਾਰ ਨੂੰ ਹੱਥ ਪਾ ਲਵੇ।