ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਬੀਤੇ ਦਿਨੀਂ ਬੱਦਲ ਫ਼ਟਣ ਨਾਲ ਹਿਮਾਚਲ ਪ੍ਰਦੇਸ਼ ਦੇ ਕਲਗੀਧਰ ਟਰੱਸਟ ਅਧੀਨ ਚੱਲਦੇ ਬੜੂ ਸਾਹਿਬ ਕੰਪਲੈਕਸ ਵਿੱਚ ਹੋਏ ਭਾਰੀ ਨੁਕਸਾਨ ਨੂੰ ਵੇਖਦਿਆਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਬਲ, ਆਟਾ, ਦਾਲ, ਚੌਲ ਆਦਿ ਰਸਦ ਸਮਗੱਰੀ ਅਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਬੜੂ ਸਾਹਿਬ ਭੇਜੀ ਗਈਆਂ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਬੱਦਲ ਫ਼ਟਣ ਨਾਲ ਬੜੂ ਸਾਹਿਬ ਵਿੱਚ ਸਥਿਤ ਵਿਦਿਅਕ ਅਦਾਰੇ ਦੀ ਇਮਾਰਤ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਲਗੀਧਰ ਟਰੱਸਟ ਦੇ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸਮਝ-ਬੂਝ ਕਾਰਨ ਬੱਦਲ ਫ਼ਟਣ ਦੀ ਘਟਨਾ ਨਾਲ ਕਿਸੇ ਨੂੰ ਜਾਨੀ ਨੁਕਸਾਨ ਪੁੱਜਣ ਤੋਂ ਬਚਾਅ ਹੋ ਗਿਆ ਅਤੇ ਸਮਾਂ ਰਹਿੰਦੇ ਹੀ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਅਸਥਾਨਾਂ ’ਤੇ ਪਹੁੰਚਾ ਦਿੱਤਾ ਗਿਆ। ਹਾਲਾਂਕਿ ਇਸ ਮੰਦਭਾਗੀ ਘਟਨਾ ਕਾਰਨ ਮਾਲੀ ਨੁਕਸਾਨ ਬਹੁਤ ਹੋਇਆ ਹੈ, ਇਮਾਰਤ ਨੂੰ ਕਾਫ਼ੀ ਢਾਹ ਲੱਗੀ ਹੈ ਅਤੇ ਆਲੇ-ਦੁਆਲੇ ਦੀ ਅਰਥ-ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਤ ਹੈ। ਇਸ ਲਈ ਦਿੱਲੀ ਕਮੇਟੀ ਨੇ ਆਪਣਾ ਫ਼ਰਜ਼ ਸਮਝਦੇ ਹੋਏ ਆਟਾ, ਦਾਲ, ਚਾਵਲ, ਕੰਬਲ ਅਤੇ ਹੋਰ ਜ਼ਰੂਰੀ ਰਸਦ ਸਮੱਗਰੀ ਬੜੂ ਸਾਹਿਬ ਭੇਜਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕੁਝ ਰਾਹਤ ਲੋੜਵੰਦ ਲੋਕਾਂ ਨੂੰ ਦਿੱਤੀ ਜਾ ਸਕੇ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਮਦਦ ਲਈ ਅੱਗੇ ਆਉਣ ਅਤੇ ਮੁਸ਼ਕਿਲ ਦੀ ਇਸ ਘੜੀ ਵਿਚ ਉਨ੍ਹਾਂ ਲੋਕ ਤਕ ਮਦਦ ਪਹੁੰਚਾਉਣ ਜਿਨ੍ਹਾਂ ਦਾ ਜੀਵਨ ਇਸ ਘਟਨਾ ਨਾਲ ਪ੍ਰਭਾਵਤ ਹੋਇਆ ਹੈ।