ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਜਾਗੋ ਪਾਰਟੀ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ‘ਤੇ ਤਿੱਖਾ ਹਮਲਾ ਕਰਦਿਆਂ ਆਖਿਆ ਹੈ ਕਿ ਮਨਜੀਤ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ ਤੇ ਇਸੇ ਲਈ ਚਮਨ ਸਿੰਘ ਨੂੰ ਆਪਣੀ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਓਂਕਾਰ ਸਿੰਘ ਰਾਜਾ ਕਿਹਾ ਕਿ ਮਨਜੀਤ ਸਿੰਘ ਜੀ.ਕੇ ਨੂੰ ਪਤਾ ਹੈ ਕਿ ਗੁਰੂ ਘਰ ਦੀ ਚੋਰੀ ਸੰਗਤ ਵਾਸਤੇ ਬਹੁਤ ਵੱਡਾ ਮੁੱਦਾ ਹੈ ਤੇ ਸੰਗਤ ਉਨ੍ਹਾਂ ਤੋਂ ਹਿਸਾਬ ਮੰਗਣਾ ਚਾਹੁੰਦੀ ਹੈ ਅਤੇ ਬਾਰ ਬਾਰ ਪੁੱਛ ਰਹੀ ਹੈ, ਜਿਸ ਦਾ ਜਵਾਬ ਜੀ.ਕੇ ਨਹੀਂ ਦੇ ਰਹੇ। ਮਨਜੀਤ ਸਿੰਘ ਜੀ.ਕੇ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਮੁੱਦੇ ‘ਤੇ ਸੰਗਤ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦੇਣੀ ਹੈ ਇਸੇ ਲਈ ਉਨ੍ਹਾਂ ਨੇ ਆਪਣੀ ਅਗਵਾਈ ਵਿਚ ਚੋਣਾਂ ਲੜਨ ਦੀ ਥਾਂ ਚਮਨ ਸਿੰਘ ਨੂੰ ਦਿੱਲੀ ਦਾ ਪ੍ਰਧਾਨ ਬਣਾ ਦਿੱਤਾ ਹੈ ਤਾਂ ਕਿ ਜਦੋਂ ਪਾਰਟੀ ਦੀ ਹਾਰ ਹੋਏਗੀ ਤਾਂ ਉਹ ਹਾਰ ਦਾ ਠੀਕਰਾ ਚਮਨ ਸਿੰਘ ਦੇ ਸਿਰ ‘ਤੇ ਭੰਨ ਸਕਣ। ਉਨ੍ਹਾਂ ਕਿਹਾ ਕਿ ਜੀ.ਕੇ ਦੀ ਇਸ ਕੋਝੀ ਹਰਕਤ ਨੇ ਹੀ ਦਰਸਾ ਦਿੱਤਾ ਹੈ ਕਿ ਉਨ੍ਹਾਂ ਗੋਲਕ ਚੋਰੀ ਦਾ ਸੱਚ ਕਬੂਲ ਕਰ ਲਿਆ ਹੈ ਜੇਕਰ ਉਨ੍ਹਾਂ ਨੂੰ ਗੋਲਕ ਚੋਰੀ ਦੇ ਸੱਚ ਦਾ ਡਰ ਨਾ ਹੁੰਦਾ ਤਾਂ ਫ਼ਿਰ ਉਹ ਨੰਗੇ ਚਿੱਟੇ ਹੋ ਕੇ ਆਪ ਚੋਣਾਂ ਲੜਦੇ ਪਰ ਉਨ੍ਹਾਂ ਨੇ ਚਮਨ ਸਿੰਘ ਦੇ ਮੋਢੇ ‘ਤੇ ਰੱਖ ਕੇ ਬੰਦੂਕ ਇਸ ਵਾਸਤੇ ਚਲਾਈ ਹੈ। ਉਨ੍ਹਾਂ ਵੱਲੋਂ ਚਮਨ ਸਿੰਘ ਨੂੰ ਨਿਯੁਕਤ ਕੀਤੇ ਜਾਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਪਹਿਲਾਂ ਹੀ ਹੋਣ ਵਾਲੀ ਹਾਰ ਨੂੰ ਵੇਖ ਚੁਕੇ ਹਨ। ਇਸ ਲਈ ਉਨ੍ਹਾਂ ਨੇ ਚਮਨ ਸਿੰਘ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚਲਾਉਣ ਦਾ ਫ਼ੈਸਲਾ ਲਿਆ ਹੈ।