ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰੋਹਿਣੀ ਵਾਰਡ-ਨੰਬਰ. 1 ਤੋਂ ਉਮੀਦਵਾਰ ਸਰਵਜੀਤ ਸਿੰਘ ਵਿਰਕ ਨੇ ਇਲਾਕੇ ਦੀਆਂ ਵੱਖ-ਵੱਖ ਸਿੰਘ ਸਭਾਵਾਂ ਦਾ ਦੌਰਾ ਕੀਤਾ। ਸ੍ਰੀ ਵਿਰਕ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਜੋ ਕੰਮ ਕੀਤੇ ਹਨ ਉਨ੍ਹਾਂ ਨਾਲ ਕੌਮਾਂਤਰੀ ਪ੍ਰਸਿੱਧੀ ਕਮੇਟੀ ਨੂੰ ਮਿਲੀ। ਉਨ੍ਹਾਂ ਕਿਹਾ ਕਿ ਇਹ ਸਭ ਦਿੱਲੀ ਦੀ ਸੰਗਤ ਦੇ ਸਹਿਯੋਗ ਸਦਕਾ ਹੋਇਆ ਹੈ। ਸੈਕਟਰ-25 ਦੇ ਪਾਕੈਟ-1 ਵਿੱਚ ਸਿੰਘ ਸਭਾ ਵਿੱਚ ਮੀਟਿੰਗ ਦੌਰਾਨ ਸ੍ਰੀ ਵਿਰਕ ਨੇ ਕਿਹਾ ਕਿ ਚਾਹੇ ਕਰੀਬ ਇੱਕ ਸਾਲ ਕਰੋਨਾ ਕਾਰਨ ਬਰਬਾਦ ਵੀ ਹੋਇਆ ਪਰ ਉੱਦੋਂ ਵੀ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਤੇ ਗ਼ਰੀਬਾਂ ਦਾ ਔਖੀ ਘੜੀ ਵਿੱਚ ਸਾਥ ਦਿੱਤਾ। ਅੱਜ ਵਿਸਾਖੀ ਦਾ ਤਿਓਹਾਰ ਰੋਹਿਣੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਮਨਾਇਆ ਗਿਆ ਤੇ ਸੰਗਤ ਨਾਲ ਉਮੀਦਵਾਰ ਨੇ ਮੁਲਾਕਾਤ ਕੀਤੀ। ਇਸ ਮੌਕੇ ਵਿਕਰਮ ਸਿੰਘ ਰੋਹਿਣੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ) ਨੇ ਕਿਹਾ ਕਿ ਹੁਣ ਵੋਟਰ ਸਮਝਦਾਰ ਹੋ ਗਏ ਹਨ ਤੇ ਉਹ ਕੰਮ ਦੇ ਆਧਾਰ ਉਪਰ ਉਮੀਦਵਾਰ ਦੀ ਚੋਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਕੋਲ ਕੋਈ ਏਜੰਡਾ ਹੀ ਨਹੀਂ ਸਿਵਾਏ ਨਿੰਦਣ ਦੇ ਜੱਦੋਂਕਿ ਸਾਡੇ ਉਮੀਦਵਾਰਾਂ ਵੱਲੋਂ ਅਗਲੇ ਕਾਰਜਾਂ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕੁਲਜੀਤ ਸਿੰਘ, ਜੈਵੀਰ ਸਿੰਘ, ਪਰਵਿੰਦਰ ਸਿੰਘ, ਗੁਰਬਚਨ ਸਿੰਘ, ਕੁਲਦੀਪ ਸਿੰਘ, ਗੋਪਾਲ ਸਿੰਘ, ਜੇਪੀ ਸਿੰਘ, ਅਵਿਨਾਸ਼ ਸਿੰਘ, ਬਲਕਾਰ ਸਿੰਘ ਹਰਮੋਹਿੰਦਰ ਸਿੰਘ ਤੇ ਦਵਿੰਦਰ ਸਿੰਘ ਹਾਜ਼ਰ ਸਨ।