ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਆਗੂ ਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਾਜਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਮੇਟੀ ਦੇ ਦੂਜੀ ਕਤਾਰ ਦੇ ਇਕ ਮੈਂਬਰ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਕਮੇਟੀ ਵੱਲੋਂ ਜਾਰੀ ਚੈੱਕਾਂ ਉਪਰ ਦਸਤਖ਼ਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸੇ ਮੈਂਬਰ ਨੂੰ ਜੋ ਭਾਜਪਾ ਕੌਂਸਲਰ ਵੀ ਹੈ ਨੂੰ ਕਮੇਟੀ ਦੀ ਅਹੁਦੇਦਾਰੀ ਤੋਂ ਨਹੀਂ ਹਟਾਇਆ ਗਿਆ। ਸ੍ਰੀ ਰਾਜਾ ਨੇ ਕਿਹਾ ਦਿੱਲੀ ਕਮੇਟੀ ਨਿਰੋਲ ਧਾਰਮਿਕ ਸੰਸਥਾ ਹੈ ਪਰ ਕੁੱਝ ਸਿੱਖ ਆਗੂਆਂ ਨੇ ਭਾਜਪਾ ਦੀਆਂ ਟਿਕਟਾਂ ਤੋਂ ਨਿਗਮ ਤੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਜੀਕੇ ਨੂੰ ਦਿੱਤੇ ਚੈੱਕਾਂ ਉਪਰ ਦਸਤਖ਼ਤ ਕਰਨ ਵਾਲਿਆਂ ਤੋਂ ਹੁਣ ਹਿਸਾਬ ਮੰਗਿਆ ਜਾਵੇ। ਉਧਰ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ।
ਨਿਗਮ ਦੇ ਸਿੱਖ ਕੌਂਸਲਰਾਂ ਤੋਂ ਲੋਕ ਖਫ਼ਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸਿੱਖ ਆਗੂ ਜੋ ਦਿੱਲੀ ਭਾਜਪਾ ਦੀ ਮਦਦ ਨਾਲ ਤਿੰਨਾਂ ਨਗਰ ਨਿਗਮਾਂ ਦਾ ਵੀ ਹਿੱਸਾ ਹਨ, ਤੋਂ ਸਥਾਨਕ ਲੋਕ ਖਾਸੇ ਖਫ਼ਾ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਮਝੌਤੇ ਤਹਿਤ ਕਈ ਇਲਾਕਿਆਂ ਵਿੱਚ ਕੌਂਸਲਰੀ ਦੀਆਂ ਟਿਕਟਾਂ ਮਿਲੀਆਂ ਸਨ। ਜੋ ਸਿੱਖ ਆਗੂ ਭਾਜਪਾ ਦੀਆਂ ਟਿਕਟਾਂ ਉਪਰ ਜਿੱਤੇ ਸਨ ਹੁਣ ਸਮਝੌਤਾ ਟੁੱਟਣ ਕਰਕੇ ਉਨ੍ਹਾਂ ਦੀ ਭਾਜਪਾ ਵਿੱਚ ਬੁੱਕਤ ਘੱਟ ਗਈ ਹੈ ਜਿਸ ਕਰਕੇ ਇਲਾਕਿਆਂ ਦੇ ਕੰਮ ਉਨ੍ਹਾਂ ਦੀ ਮਰਜ਼ੀ ਮੁਤਾਬਕ ਨਹੀਂ ਹੋ ਰਹੇ। ਇਸੇ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਹੋਣ ਲੱਗੇ ਹਨ। ਅਜਿਹੇ ਵਾਰਡਾਂ ਦੇ ਲੋਕਾਂ ਨੇ ਕਿਹਾ ਕਿ ਅਜਿਹੇ ਸਿੱਖ ਆਗੂਆਂ ਦੀ ਕੀ ਲੋੜ ਜੋ ਸਹੂਲਤਾਂ ਮੁਹੱਈਆ ਨਾ ਕਰਵਾ ਸਕਣ।