ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁੜ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦਾ ਉਤਸ਼ਾਹ ਅਜੇ ਮੱਠਾ ਹੀ ਹੈ। ਕਰੋਨਾ ਦੀ ਦੂਜੀ ਲਹਿਰ ਕਾਰਨ ਜੋ ਮੁੱਦੇ ਅਪਰੈਲ ਵੇਲੇ ਹੋਣ ਵਾਲੀਆਂ ਚੋਣਾਂ ਦੌਰਾਨ ਗਰਮ ਸਨ ਉਹ ਹੁਣ ਪਿੱਛੇ ਪੈਣ ਲੱਗੇ ਹਨ। ਕਈ ਉਮੀਦਵਾਰਾਂ ਨੇ ਕਿਹਾ ਕਿ ਪਹਿਲਾਂ ਹੀ ਚੋਣ ਪ੍ਰਚਾਰ ਉਪਰ ਪੈਸਾ ਫੂਕਿਆ ਜਾ ਚੁੱਕਾ ਹੈ ਤੇ ਅਜੇ ਚੋਣਾਂ ਵਿੱਚ ਸਮਾਂ ਹੈ, ਇਸ ਲਈ ਬਹੁਤੀ ਸਰਗਰਮੀ ਨਹੀਂ ਫੜੀ। ਨਾਲੇ ਸਾਰੇ ਉਮੀਦਵਾਰਾਂ ਵੱਲੋਂ ਆਪਣੀ ਤਾਕਤ ਪਹਿਲਾਂ ਚੋਣ ਪ੍ਰਚਾਰ ਵਿੱਚ ਝੋਕ ਦਿੱਤੀ ਗਈ ਸੀ, ਇਸ ਲਈ ਕਈ ਉਮੀਦਵਾਰਾਂ ਵੱਲੋਂ ਆਖ਼ਰੀ ਹਫ਼ਤੇ ਵਿੱਚ ਜ਼ੋਰ ਲਾਉਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹੀ ਸਾਰੀਆਂ ਸੀਟਾਂ ਉਪਰ ਉਮੀਦਵਾਰ ਐਲਾਨੇ ਸਨ, ਬਾਕੀ ਧਿਰਾਂ ਨੇ ਸਾਰੇ 46 ਵਾਰਡਾਂ ਉਪਰ ਉਮੀਦਵਾਰ ਨਹੀਂ ਐਲਾਨੇ ਸਨ। ਇਸ ਪਿੱਛੇ ਪਰਦੇ ਓਹਲੇ ਗੁਪਤ ਸਮਝੌਤੇ ਹੋਣ ਦੇ ਕਿਆਸ ਵੀ ਲਾਏ ਜਾ ਰਹੇ ਹਨ। ਅਜਿਹੇ ਹਲਕਿਆਂ ਵਿੱਚ ਗ੍ਰੈਟਰ ਕੈਲਾਸ਼ ਤੇ ਪੰਜਾਬੀ ਬਾਗ਼ ਦੇ ਵਾਰਡ ਵੀ ਸ਼ਾਮਲ ਹਨ। ਪੰਜਾਬ ਤੋਂ ਆ ਕੇ ਚੋਣਾਂ ਲੜਨ ਵਾਲੇ ਦੋ ਅਹਿਮ ਆਗੂਆਂ ਨੇ ਅਜੇ ਦਿੱਲੀ ਵੱਲ ਮੂੰਹ ਨਹੀਂ ਕੀਤਾ। ਇਸੇ ਦੌਰਾਨ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਖਰੋਜੀ ਖ਼ਾਸ ਵਾਰਡ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਾਗਜ਼ ਭਰਨ ਦੀ ਆਖ਼ਰੀ ਤਾਰੀਖ਼ 4 ਅਗਸਤ ਐਲਾਨੀ ਹੈ ਤੇ ਵਾਪਸੀ 5 ਅਗਸਤ ਰੱਖੀ ਹੈ। ਇਸ ਵਾਰਡ ਦੇ ਇੱਕ ਉਮੀਦਵਾਰ ਦੀ ਮੌਤ ਹੋ ਗਈ ਸੀ। 22 ਅਗਸਤ ਨੂੰ ਸਾਰੇ 46 ਵਾਰਡਾਂ ਲਈ ਵੋਟਾਂ ਪੈਣਗੀਆਂ ਤੇ 25 ਅਗਸਤ ਨੂੰ ਨਤੀਜੇ ਆਉਣਗੇ।