ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਦਿੱਲੀ ਗੁਰਦੁਆਰਾ ਚੋਣ ਬੋਰਡ ਦੇ ਅਧਿਕਾਰੀਆਂ ਤੇ ਦਿੱਲੀ ਦੇ ਮੁੱਖ ਸਿੱਖ ਆਗੂਆਂ ਨਾਲ ਦਿੱਲੀ ਦੇ ਗੁਰਦੁਆਰਾ ਮਾਮਲਿਆਂ ਬਾਰੇ ਮੰਤਰੀ ਰਾਜਿੰਦਰ ਪਾਲ ਗੌਤਮ ਵੱਲੋਂ ਬੈਠਕ ਕੀਤੀ ਗਈ।
ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਤੇ ‘ਆਪ’ ਦੇ ਪੰਜਾਬ ਇਕਾਈ ਦੇ ਇੰਚਾਰਜ ਜਰਨੈਲ ਸਿੰਘ ਨੇ ਇਸ ਬੈਠਕ ‘ਚ ਸ਼ਮੂਲੀਅਤ ਕੀਤੀ ਤੇ ਬਾਅਦ ‘ਚ ਦੱਸਿਆ ਕਿ ਦਿੱਲੀ ਦੇ ਸਿੱਖਾਂ ਦੀਆਂ ਨਵੀਆਂ ਵੋਟਾਂ ਬਣਾਉਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਵੋਟਾਂ ਬਣਾਉਣ ਬਾਬਤ ਦੀ ਸਹੂਲਤ ਦੇਣ ਬਾਰੇ ਵੀ ਦੱਸਿਆ ਜਾਵੇਗਾ। ਉਨ੍ਹਾਂ ਦਿੱਲੀ ਕਮੇਟੀ ਦੇ ਨਿਜ਼ਾਮ ਵਿੱਚ ਪਾਰਦਰਸ਼ਤਾ ਲਿਆਉਣ ਖ਼ਾਤਰ ਸਥਾਨਕ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਅਤੇ ਚੋਣਾਂ ਸਮੇਂ ’ਤੇ ਭੁਗਤਾਉਣ ਦੀ ਅਪੀਲ ਵੀ ਕੀਤੀ ਹੈ। ਸ੍ਰੀ ਗੌਤਮ ਨਾਲ ਕੀਤੀ ਗਈ ਬੈਠਕ ‘ਚ ਨਿਰਪੱਖ ਚੋਣਾਂ ਕਰਵਾਉਣ, ਵੋਟਾਂ ਦੇ ਮੁੜ ਨਰੀਖਣ, ਸਮੇਂ ਸਿਰ ਚੋਣਾਂ ਕਰਵਾਉਣ ਤੇ ਨਵੀਂ ਵਾਰਡਬੰਦੀ ਕਰਕੇ ਸਾਰੇ 46 ਹਲਕਿਆਂ ਦੀ ਮੁੜਹੱਦਬੰਦੀ ਕਰਨ ਬਾਰੇ ਫ਼ੈਸਲਾ ਕੀਤਾ ਗਿਆ। ਮੰਤਰੀ ਨੇ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਕਿ ਗੁਰਦੁਆਰਾ ਚੋਣ ਬੋਰਡ ਵੱਲੋਂ ਆਪਣੀ ਤਰਫ਼ੋਂ ਸਰਵੋਤਮ ਕੋਸ਼ਿਸ਼ ਕੀਤੀ ਜਾਵੇਗੀ ਤੇ ਚੋਣਾਂ ਨਿਰਪੱਖ ਹੋਣਗੀਆਂ।
ਬੈਠਕ ਵਿੱਚ ਵਿਧਾਇਕ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ, ਮੈਂਬਰ ਅਮਰਜੀਤ ਸਿੰਘ ਪਿੰਕੀ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਤੇ ਪ੍ਰੀਤਪਾਲ ਸਿੰਘ ਸ਼ਾਮਲ ਹੋਏ।
ਪੰਥਕ ਸੇਵਾ ਦੱਲੋਂ ਦਵਿੰਦਰ ਸਿੰਘ ਸਾਹਨੀ ਬਾਅਦ ‘ਚ ਸ੍ਰੀ ਗੌਤਮ ਨੂੰ ਮਿਲੇ। ਦਿੱਲੀ ਕਮੇਟੀ ਲਈ ਸਿੱਖ ਵੋਟਰ 46 ਵਾਰਡਾਂ ਤੋਂ ਉਮੀਦਵਾਰ ਚੁਣ ਕੇ ਭੇਜਦੇ ਹਨ। ਦੋ ਉਮੀਦਵਾਰ ਲਾਟਰੀ ਨਾਲ ਤੇ ਦੋ ਉਮੀਦਵਾਰ ਚੁਣੇ ਹੋਏ ਮੈਂਬਰਾਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਤੇ ਇਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਨੁਮਾਇੰਦਗੀ ਲਈ ਭੇਜਦੀ ਹੈ। ਦਿੱਲੀ ਉਹ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਸਿੱਖ (ਇਕ ਸ਼ਹਿਰ ਵਿੱਚ) ਰਹਿੰਦੇ ਹਨ ਤੇ ਨਵੀਆਂ ਵੋਟਰ ਸੂਚੀਆਂ ਬਣਨ ਮਗਰੋਂ ਕਰੀਬ 10 ਲੱਖ ਹੋ ਜਾਣ ਦੀ ਉਮੀਦ ਹੈ ਜੋ ਹੁਣ 6 ਲੱਖ ਦੇ ਕਰੀਬ ਹਨ। ਜ਼ਿਕਰਯੋਗ ਹੈ ਕਿ ਚੋਣਾਂ ਦੇ ਸੰਕੇਤ ਮਗਰੋਂ ਦਿੱਲੀ ਦੀਆਂ ਸਿੱਖ ਪਾਰਟੀਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ ਤੇ ਹੁਣ ਦਲ ਬਦਲੀਆਂ ਵੀ ਸ਼ੁਰੂ ਹੋ ਗਈਆਂ ਹਨ।