ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਿਲੌਂਗ ਪਹੁੰਚੇ ਅਕਾਲੀ ਦਲ ਦੇ ਉਚ ਪੱਧਰੀ ਵਫ਼ਦ ਵੱਲੋਂ ਮੇਘਾਲਿਆ ਵਿੱਚ ਪੰਜਾਬੀ ਲੇਨ ਵਿਚੋਂ ਸਿੱਖ ਪਰਿਵਾਰਾਂ ਦੇ ਉਜਾੜੇ ਦੇ ਮਾਮਲੇ ’ਤੇ ਸੂਬੇ ਦੇ ਰਾਜਾਪਾਲ ਸਤਿਆ ਪਾਲ ਮਲਿਕ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਸਰਦਾਰ ਨੇ ਰਾਜਪਾਲ ਮਲਿਕ ਨੂੰ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਤੇ ਇਸ ਮਾਮਲੇ ਵਿਚ ਅਦਾਲਤ ਵੱਲੋਂ ਲਗਾਈ ਸਟੇਅ ਤੇ ਸੁਣਾਏ ਫੈਸਲੇ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ਇਨ੍ਹਾਂ ਸਿੱਖ ਪਰਿਵਾਰਾਂ ਨੁੰ ਇਥੋਂ ਕੋਈ ਨਹੀਂ ਉਜਾੜ ਸਕਦਾ। ਰਾਜਪਾਲ ਸਤਿਆ ਪਾਲ ਮਲਿਕ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦੁਆਇਆ ਕਿ ਅਦਾਲਤ ਦਾ ਫੈਸਲਾ ਇੰਨ ਬਿਨ ਲਾਗੂ ਕੀਤਾ ਜਾਵੇਗਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਸਿੱਖਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਮੀਟਿੰਗ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ ਰਾਜਪਾਲ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੋਨਾਰਡ ਸੰਗਮਾ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ 28 ਅਕਤੂਬਰ ਤੋਂ ਬਾਅਦ ਸਾਡੇ ਨਾਲ ਮੁਲਾਕਾਤ ਵੀ ਕਰਨਗੇ ਤੇ ਸਾਰਾ ਮਾਮਲਾ ਵੀ ਸਮਝਣਗੇ।
ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਜਦੋਂ ਜ਼ਮੀਨ ਇਥੋਂ ਦੇ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਦਿੱਤੀ ਹੈ ਤਾਂ ਇਹ ਵਾਪਸ ਨਹੀਂ ਲਈ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਮੇਘਾਲਿਆ ਦੇ ਰਾਜਪਾਲ ਹਨ, ਉਦੋਂ ਤੱਕ ਉਹ ਸੂਬੇ ਵਿੱਚ ਕੋਈ ਵੀ ਫੈਸਲਾ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਹੋਣ ਦੇਣਗੇ। ਸ੍ਰੀ ਸਿਰਸਾ ਨੇ ਦੱਸਿਆ ਕਿ ਸ਼ਿਲੌਂਗ ਦੇ ਸਿੱਖਾਂ ਦੇ ਮਸਲੇ ਦਿੱਲੀ ਕਮੇਟੀ ਨਜਿੱਠ ਰਹੀ ਸੀ ਤੇ ਇਹ ਪਰਿਵਾਰ ਜਿੱਥੇ ਸੀ, ਉਥੇ ਹੀ ਰਹਿਣਗੇ, ਇਨ੍ਹਾਂ ਨੂੰ ਕੋਈ ਉਜਾੜ ਨਹੀਂ ਸਕਦਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦਾ ਪੱਕਾ ਹੱਲ ਕੋਰਟ ਰਾਹੀਂ ਹੀ ਨਿਕਲੇਗਾ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਹ ਵੀ ਤੈਅ ਕੀਤਾ ਹੋਇਆ ਹੈ ਕਿ ਇਹ ਮਸਲਾ ਕਿਵੇਂ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸਾਨੂੰ ਪੱਕੀ ਤਸੱਲੀ ਹੈ ਕਿ ਹੁਣ ਸਿੱਖਾਂ ਨੁੰ ਉਜਾੜਨ ਦਾ ਕੋਈ ਵੀ ਫੈਸਲਾ ਸਰਕਾਰ ਲਾਗੂ ਨਹੀਂ ਕਰੇਗੀ। ਉਨ੍ਹਾਂ ਨੇ ਦੇਸ਼ ਅਤੇ ਦੁਨੀਆਂ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ ਇਨ੍ਹਾਂ 350 ਸਿੱਖ ਪਰਿਵਾਰਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ।