ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਖੋਲ੍ਹੇ ਗਏ ਬਾਲਾ ਪ੍ਰੀਤਮ ਦਵਾਖਾਨਾ ਨੂੰ ਸੰਗਤ ਨੇ ਕਾਫ਼ੀ ਪਸੰਦ ਕੀਤਾ ਹੈ ਤੇ ਦੂਰ ਦੁਰਾਡੇ ਤੋਂ ਸੰਗਤ ਇਥੇ ਦਵਾਈਆਂ ਲੈਣ ਲਈ ਪੁੱਜ ਰਹੀ ਹੈ। ਸੰਗਤ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਫ਼ੈਸਲਾ ਲਿਆ ਹੈ ਕਿ ਦਿੱਲੀ ਦੇ ਹੋਰਨਾਂ ਇਲਾਕਿਆਂ ਵਿਚ ਵੀ ਕਮੇਟੀ ਜਲਦ ਹੀ ਇਸ ਤਰ੍ਹਾਂ ਦੇ ਦਵਾਖਾਨੇ ਖੋਲ੍ਹੇਗੀ, ਜਿਨ੍ਹਾਂ ਵਿਚ ਸੰਗਤ ਨੂੰ ਬਹੁਤ ਹੀ ਸਸਤੀ ਦਵਾਈਆਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਾਨਕ ਪਿਆਓ ਗੁਰਦੁਆਰਾ ਸਾਹਿਬ ਵਿੱਚ ਦਵਾਖਾਨੇ ਦਾ ਕਾਰਜ ਲਗਪਗ ਪੂਰਾ ਹੋਣ ਵਾਲਾ ਹੈ ਤੇ ਛੇਤੀ ਹੀ ਉਸ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੱਛਮੀ ਦਿੱਲੀ ’ਚ ਕਾਰਜ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਵੀ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਗੁਰਦੁਆਰ ਸੀਸ ਗੰਜ ਸਾਹਿਬ, ਮੋਤੀ ਬਾਗ ਸਾਹਿਬ ਅਤੇ ਪੂਰਬੀ ਦਿੱਲੀ ’ਚ ਵੀ ਇਸੇ ਤਰ੍ਹਾਂ ਦੇ ਦਵਾਖਾਨੇ ਖੋਲ੍ਹੇ ਜਾਣਗੇ। ਦੱਸਣਯੋਗ ਹੈ ਕਿ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਸੋਨੂੰ ਨੂੰ ਬਾਲਾ ਪ੍ਰੀਤਮ ਦਵਾਖਾਨੇ ਵਿਚ ਬਤੌਰ ਸੀਨੀਅਰ ਵਾਈਸ ਚੇਅਰਮੈਨ ਦੀ ਸੇਵਾ ਸੌਂਪੀ ਗਈ ਹੈ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸੌਂਪਿਆ ਗਿਆ ਹੈ।