ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ 25 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਵੱਖ-ਵੱਖ ਧੜਿਆਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਨੂੰ ਕਰੋਨਾ ਨੇ ਬਰੇਕਾਂ ਲਾ ਦਿੱਤੀਆਂ ਹਨ। ਉਮੀਦਵਾਰਾਂ ਨੇ ਅੱਜ ਆਨਲਾਈਨ ਜਾਂ ਸੋਸ਼ਲ ਮੀਡੀਆ ਰਾਹੀਂ ਹੀ ਪ੍ਰਚਾਰ ਕੀਤਾ ਜਾਂ ਫੋਨਾਂ ਰਾਹੀਂ ਲੋਕਾਂ ਨੂੰ ਨਾਲ ਜੁੜਨ ਲਈ ਵਾਹ ਲਾਈ। ਰੋਹਿਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਆਪਣੇ ਇਲਾਕੇ ਦੇ ਸਿੱਖ ਵੋਟਰਾਂ ਨਾਲ ਆਨਲਾਈਨ ਵਾਸਤਾ ਕੀਤਾ। ਦਿੱਲੀ ਵਿੱਚ ਕਰੋਨਾ ਰੋਕਣ ਲਈ ਬੀਤੀ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਦਿੱਲੀ ਸਰਕਾਰ ਵੱਲੋਂ ਲਾਏ ਗਏ ਕਰਫਿਊ ਕਰਕੇ ਸਾਰੀਆਂ ਸਰਗਰਮੀਆਂ ਅਚਾਨਕ ਠੱਪ ਕਰਨੀਆਂ ਪਈਆਂ ਹਨ। ਵਿਰਕ ਨੇ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਉਹ ਅਗਲੀ ਰਣਨੀਤੀ ਵਿਚਾਰਨਗੇ। ਬੀਬੀ ਰਣਜੀਤ ਕੌਰ ਦਾ ਵਾਰਡ ਸੰਘਣੀ ਆਬਾਦੀ ਵਾਲਾ ਕਰੀਬ 4 ਕਿਲੋਮੀਟਰ ਵਿੱਚ ਹੀ ਫੈਲਿਆ ਹੋਇਆ ਹੈ ਤੇ ਉਨ੍ਹਾਂ ਆਪਣੇ ਸਮਰਥਕਾਂ ਨਾਲ ਫੋਨਾਂ ਰਾਹੀਂ ਉਨ੍ਹਾਂ ਦੇ ਵਿਚਾਰ ਲਏ। ਪ੍ਰੀਤ ਵਿਹਾਰ ਤੋਂ ‘ਜਾਗੋ’ ਦੇ ਉਮੀਦਵਾਰ ਮੰਗਲ ਸਿੰਘ ਦੇ ਪੁੱਤਰ ਤੇ ਸਮਰਥਕਾਂ ਨੇ ਵੀ ਆਨਲਾਈਨ ਪ੍ਰਚਾਰ ਨੂੰ ਪਹਿਲ ਦਿੱਤੀ। ਇਸ ਵਾਰ ਦੀਆਂ ਚੋਣਾਂ ਦੌਰਾਨ ਸੂਚਨਾ ਤਕਨੀਕ ਤੋਂ ਜਾਣੂ ਪਾਰਟੀ ਵਰਕਰਾਂ ਦੀ ਬਹੁਤ ਬੁੱਕਤ ਪਈ ਹੈ। ਉਮੀਦਵਾਰਾਂ ਵੱਲੋਂ ਸੋਮਵਾਰ ਤੋਂ ਕਰਫਿਊ ਉਠਾਏ ਜਾਣ ਮਗਰੋਂ ਨਵੇਂ ਸਿਰੇ ਤੋਂ ਚੋਣ ਪ੍ਰਚਾਰ ਮੁਹਿੰਮ ਵਿੱਢਣੀ ਪਵੇਗੀ।
ਹਾਲਾਂਕਿ ਦਿੱਲੀ ਦੇ ਗੁਰਦੁਆਰਾ ਚੋਣ ਮੰਤਰੀ ਰਾਜਿੰਦਰ ਗੌਤਮ ਨੇ ਉਨ੍ਹਾਂ ਅਫ਼ਵਾਹਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਚੋਣਾਂ ਅੱਗੇ ਪਾਉਣ ਦਾ ਸ਼ੋਰ ਸੀ। ਗੌਤਮ ਨੇ ਕਿਹਾ ਕਿ 25 ਅਪਰੈਲ ਨੂੰ ਹੀ ਵੋਟਾਂ ਪੈਣਗੀਆਂ ਤੇ ਤੈਅ ਸਮੇਂ ਮੁਤਾਬਕ ਹੀ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਬਾਦਲ ਧੜੇ ਦੇ ਉਮੀਦਵਾਰ ਕਰੋਨਾ ਪੀੜਤ ਹੋਣ ਕਾਰਨ ਪ੍ਰਚਾਰ ਤੋਂ ਦੂਰ ਹੋਏ
ਕਰੋਨਾ ਦੀ ਜ਼ੱਦ ਵਿੱਚ ਕਈ ਉਮੀਦਵਾਰ ਵੀ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਸਿੰਘ ਸਾਹਨੀ ਨੂੰ ਕਰੋਨਾ ਹੋਣ ਕਾਰਨ ਉਹ ਪ੍ਰਚਾਰ ਤੋਂ ਦੂਰ ਹਨ। ਇਸੇ ਤਰ੍ਹਾਂ ਸ਼ਿਵ ਨਗਰ ਤੋਂ ਬਾਦਲ ਧੜੇ ਦੇ ਉਮੀਦਵਾਰ ਰਮਨਦੀਪ ਸਿੰਘ ਥਾਪਰ ਨੂੰ ਕਰੋਨਾ ਕਾਰਨ ਹਸਪਤਾਲ ਜਾਣਾ ਪਿਆ ਤੇ ਪਿੱਛੋਂ ਉਸ ਦੀ ਚੋਣ ਮੁਹਿੰਮ ਨੂੰ ਮਨਮੋਹਨ ਸਿੰਘ ਜੌਲੀ ਵੱਲੋਂ ਚਲਾਇਆ ਜਾ ਰਿਹਾ ਹੈ। ਸੀਨੀਅਰ ਉਮੀਦਵਾਰ ਕੇਪੀ ਸਿੰਘ ਵੀ ਕਰੋਨਾ ਤੋਂ ਪੀੜਤ ਦੱਸੇ ਜਾ ਰਹੇ ਹਨ। ਬਾਦਲ ਧੜੇ ਦੇ ਦੋ ਹੋਰ ਉਮੀਦਵਾਰ ਵੀ ਕਰੋਨਾ ਪਾਜ਼ੇਟਿਵ ਹਨ। ਇਸੇ ਕਰਕੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਵੀਡੀਓ ਅਪਲੋਡ ਕਰਨ ਜਾਂ ਫੋਨਾਂ ਰਾਹੀਂ ਬਦਲਵੇਂ ਤਰੀਕਿਆਂ ਨਾਲ ਪ੍ਰਚਾਰ ਕਰਨ।