ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਸਿੱਖ ਵੱਸੋਂ ਵਾਲੇ ਇਲਾਕੇ ਰਾਜੌਰੀ ਗਾਰਡਨ ਤੋਂ ਜਾਗੋ ਪਾਰਟੀ ਦੇ ਉਮੀਦਵਾਰ ਰਾਜਾ ਬਲਦੀਪ ਸਿੰਘ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸ੍ਰੀ ਰਾਜਾ ਦੇ ਸਮਰਥਕਾਂ ਵੱਲੋਂ ਇਲਾਕੇ ਦੀਆਂ ਗਲੀਆਂ-ਗਲੀਆਂ ਵਿੱਚ ਜਾ ਕੇ ਪਰਚੇ ਵੰਡੇ ਜਾ ਰਹੇ ਹਨ ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ
ਰਾਜਾ ਬਲਦੀਪ ਸਿੰਘ ਲਈ ਪ੍ਰਚਾਰ ਕਰਨ ਵਾਲਿਆਂ ਵਿੱਚ ਹਰਭਜਨ ਸਿੰਘ ਭਾਟੀਆ, ਹਰਿੰਦਰ ਸਿੰਘ, ਸੁੰਦਰ ਸਿੰਘ, ਐਨਐੱਸ ਭਾਟੀਆ ਤੇ ਹਰਜੀਤ ਸਿੰਘ ਬਖ਼ਸ਼ੀ ਦੀਆਂ ਟੀਮਾਂ ਹਨ। ਇਸ ਦੌਰਾਨ ਰਾਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿੱਲੀ ਕਮੇਟੀ ਦੀ ਆਰਥਿਕ ਸਥਿਤੀ ਬਿਹਤਰ ਕਰਨਾ ਹੀ ਉਨ੍ਹਾਂ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਹੈ। ਦਿੱਲੀ ਕਮੇਟੀ ਲਈ ਇੱਥੋਂ ਮੌਜੂਦਾ ਮੈਂਬਰ ਹਰਮਨਜੀਤ ਸਿੰਘ ਨੇ ਕਿਹਾ ਕਿ ਬੀਤੇ 8 ਸਾਲਾਂ ਦੌਰਾਨ ਉਨ੍ਹਾਂ ਇਲਾਕੇ ਲਈ ਜੋ ਕਾਰਜ ਕੀਤੇ ਹਨ, ਉਨ੍ਹਾਂ ਦਾ ਸਦਕਾ ਬਲਦੀਪ ਸਿੰਘ ਵੱਲੋਂ ਇਹ ਚੋਣ ਜਿੱਤਣੀ ਕੋਈ ਔਖੀ ਨਹੀਂ ਹੈ ਤੇ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਕੀਤੇ ਕਾਰਜਾਂ ਅਤੇ ਚੱਲ ਰਹੀਆਂ ਸਿਹਤ ਯੋਜਨਾਵਾਂ ਵੀ ਸੰਗਤ ਨੇ ਦੇਖੀਆਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰਡ ਵਿੱਚ ਜ਼ਿਆਦਾਤਰ ਅਮੀਰ ਕਾਰੋਬਾਰੀ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਤੇ ਪ੍ਰਤੀ ਸਿੱਖਿਅਤ ਵੋਟਰਾਂ ਦੀ ਗਿਣਤੀ ਵੀ ਕਾਫੀ ਹੈ ਜਿਨ੍ਹਾਂ ਵੋਟਰਾਂ ਨੂੰ ਹਾਂ-ਪੱਖੀ ਪ੍ਰਚਾਰ ਨਾਲ ਹੀ ਕੀਲਿਆ ਜਾ ਸਕਦਾ ਹੈ।
ਧਾਰਮਿਕ ਸੰਸਥਾਵਾਂ ਦੇ ਦਰ ’ਤੇ ਪਹੁੰਚੇ ਮਲਕੀਤ ਪਾਹਵਾ
ਪੰਥਕ ਸੇਵਾ ਦਲ ਦੇ ਸ਼ਿਵ ਨਗਰ ਵਾਰਡ ਤੋਂ ਉਮੀਦਵਾਰ ਮਲਕੀਤ ਸਿੰਘ ਪਾਹਵਾ ਨੇ ਵਰਿੰਦਰ ਨਗਰ ਇਲਾਕੇ ਦਾ ਦੌਰਾ ਕੀਤਾ ਤੇ ਸਿੱਖ ਵੋਟਰਾਂ ਨਾਲ ਦਲ ਦੀਆਂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਸ੍ਰੀ ਪਾਹਵਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ 20 ਸਾਲਾਂ ਦੇ ਵੱਖ-ਵੱਖ ਧਿਰਾਂ ਦੇ ਕਾਰਜਕਾਲ ਦੌਰਾਨ ਜੋ ਬੇੜਾ ਗਰਕ ਸਿੱਖਾਂ ਦੀ ਇਸ ਦੂਜੀ ਵੱਡੀ ਧਾਰਮਿਕ ਸੰਸਥਾ ਦਾ ਕੀਤਾ ਹੈ ਇਸ ਲਈ ਜਿੱਥੇ ਸਰਨਾ ਧੜਾ ਜ਼ਿੰਮੇਵਾਰ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ 6 ਸਾਲ ਰਹੇ ਤੇ 2 ਸਾਲ ਦੇ ਮੌਜੂਦਾ ਪ੍ਰਬੰਧਕ ਜ਼ਿੰਮੇਵਾਰ ਹਨ। ਇਸ ਦੌਰਾਨ ਸ੍ਰੀ ਪਾਹਵਾ ਨੇ ਦਵਿੰਦਰ ਸਿੰਘ ਸਾਹਨੀ, ਜਸਪ੍ਰੀਤ ਸਿੰਘ, ਗੁਰਵਿੰਦਰ ਕੌਰ ਸਮੇਤ ਹੋਰ ਸੱਜਣਾਂ ਨਾਲ ਡੇਰਾ ਸ੍ਰੀ ਨਿਰਮਲ ਸੰਤ ਆਸ਼ਰਮ, ਵਰਿੰਦਰ ਨਗਰ ਦੇ ਪ੍ਰਬੰਧਕਾਂ ਤੋਂ ਆਸ਼ੀਰਵਾਦ ਲਿਆ।