ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਸੂਬਾਈ ਮੀਤ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਅੱਜ ਇੱਥੇ ਦਿੱਲੀ ਭਾਜਪਾ ਐਡਵੋਕੇਟ ਸੈੱਲ ਨੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਆਈਟੀਓ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਨਾਅਰੇਬਾਜ਼ੀ ਕਰਦੇ ਹੋਏ ਸਾਰੇ ਵਕੀਲ ਆਈਟੀਓ ਚੌਕ ਤੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੱਕ ਪਹੁੰਚੇ ਜਿੱਥੇ ਉਨ੍ਹਾਂ ਨੇ ਮਨੀਸ਼ ਸਿਸੋਦੀਆ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ। ਸ੍ਰੀ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਦਾ ਜਵਾਬ ਨਹੀਂ ਦੇ ਸਕੇ ਅਤੇ ਜਿਸ ਝੂਠੇ ਸਿੱਖਿਆ ਮਾਡਲ ਦਾ ਉਹ ਪ੍ਰਚਾਰ ਕਰ ਰਹੇ ਸਨ, ਉਸ ਵਿੱਚ ਵੀ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਟਿੰਗ ਮਾਸਟਰ ਮਨੀਸ਼ ਸਿਸੋਦੀਆ ’ਤੇ ਸਟਿੰਗ ਹੋ ਚੁੱਕਾ ਹੈ, ਤਾਂ ਹੁਣ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ ਪਰ ਉਨ੍ਹਾਂ ਦੇ ਭੱਜਣ ਨਾਲ ਕੁਝ ਨਹੀਂ ਹੋਵੇਗਾ। ਜਦੋਂ ਤੱਕ ਉਹ ਇਸ ਭ੍ਰਿਸ਼ਟਾਚਾਰ ਨੂੰ ਸਵੀਕਾਰ ਨਹੀਂ ਕਰਦੇ, ਉਦੋਂ ਤੱਕ ਭਾਜਪਾ ਅਤੇ ਦਿੱਲੀ ਦੇ ਲੋਕ ਉਨ੍ਹਾਂ ਕੋਲੋਂ ਇਹੋ ਜਿਹੇ ਸਵਾਲ ਪੁੱਛਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿੱਚ ਸ਼ਰਾਬ ਮਾਫੀਆ ਦੀ ਕਥਿਤ ਮਿਲੀਭੁਗਤ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਅਤੇ ਕਮਿਸ਼ਨ ਨੂੰ 2 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦਾ ਮਕਸਦ ਹੁਣ ਸਪੱਸ਼ਟ ਤੌਰ ’ਤੇ ਬੇਨਕਾਬ ਹੋ ਗਿਆ ਹੈ। ਨਸ਼ੇ, ਬੇਈਮਾਨੀ, ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਨੂੰ ਕੇਜਰੀਵਾਲ ਦੀ ਸਰਕਾਰ ਵਿੱਚ ਹੀ ਹੁਲਾਰਾ ਮਿਲਿਆ ਹੈ ਅਤੇ ਜਦੋਂ ਇਸ ਦਾ ਪਰਦਾਫਾਸ਼ ਹੋਇਆ ਹੈ ਤਾਂ ਮਨੀਸ਼ ਸਿਸੋਦੀਆ ਨੇ ਐੱਲ-1 ਦੇ ਠੇਕੇਦਾਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨੂੰ ਉਨ੍ਹਾਂ ਨੇ ਏਅਰਪੋਰਟ ਦਾ ਠੇਕਾ ਦਿੱਤਾ ਸੀ ਅਤੇ 30 ਕਰੋੜ ਰੁਪਏ ਵਾਪਸ ਕਰ ਦਿੱਤੇ ਸਨ।
ਭਾਜਪਾ ਆਗੂ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿੱਚ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੋਇਆ ਹੈ ਉਹ ਸਭ ਦੇ ਸਾਹਮਣੇ ਆ ਗਿਆ ਹੈ। ਸ਼ਰਾਬ ਦੇ ਨਾਂ ’ਤੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਵਿੱਚ ਅਰਵਿੰਦ ਕੇਜਰੀਵਾਲ ਦਾ ਸਿੱਧਾ ਹੱਥ ਹੈ। ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਕੀਲਾਂ ਨੇ ਸ਼ਮੂਲੀਅਤ ਕੀਤੀ।