ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਨੇ ਅੱਜ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਤੇ ਚਾਂਦਨੀ ਚੌਕ ਵਿੱਚ ਦਿੱਲੀ ਸਰਕਾਰ ਦੀ ਸੁੰਦਰਤਾ ਸਕੀਮ ਤਹਿਤ ਢਾਹ ਦਿੱਤੇ ਗਏ ਹਨੂਮਾਨ ਮੰਦਰ ਦੇ ਮਾਮਲੇ ਵਿਚ ਦਖਲ ਦੇਣ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਚਾਂਦਨੀ ਚੌਕ ਵਿੱਚ ਹਨੂਮਾਨ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜੋ ਢਹਿ-ਢੇਰੀ ਹੋਈ ਮੰਦਰ ਤੋਂ ਉੱਜੜ ਗਈਆਂ ਸਨ ਨਵੇਂ ਮੰਦਰ ਦੀ ਉਸਾਰੀ ਤੋਂ ਬਾਅਦ ਮੁੜ ਬਹਾਲ ਕਰਨ ਦੇ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ। ਉਪ ਰਾਜਪਾਲ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਤੇ ਢੁੱਕਵੇਂ ਫੈਸਲੇ ਦਾ ਭਰੋਸਾ ਦਿੱਤਾ। ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਟੁੱਟੇ ਹਨੂਮਾਨ ਮੰਦਰ ਅਤੇ ਕੱਟੇ ਹੋਏ ਪਪਲ ਦੇ ਦਰੱਖਤ ਪ੍ਰਤੀ ਸਥਾਨਕ ਵਸਨੀਕਾਂ ਤੇ ਕਾਰੋਬਾਰੀਆਂ ਵਿੱਚ ਰੋਸ ਹੈ। ਚਾਂਦਨੀ ਚੌਕ ਦੇ ਸਥਾਨਕ ਵਸਨੀਕ, ਮੰਦਰ ਦੀਆਂ ਕਮੇਟੀਆਂ, ਧਾਰਮਿਕ ਸੰਸਥਾਵਾਂ, ਹਿੰਦੂ ਸਮਾਜ, ਸਭ ਚਾਹੁੰਦੇ ਹਨ ਕਿ ਮੰਦਰ ਉਸਾਰਿਆ ਜਾਵੇ ਅਤੇ ਭਗਵਾਨ ਹਨੂਮਾਨ ਦੀ ਮੂਰਤੀ ਨੂੰ ਬਹਾਲ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਨੇ ਅਦਾਲਤ ਨੂੰ ਮੰਦਰ ਢਾਹੁਣ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਪ੍ਰਾਚੀਨ ਮੰਦਰ ਸੁੰਦਰੀਕਰਨ ਦੇ ਵਿਚਕਾਰ ਅੜਿੱਕਾ ਬਣਦਾ ਜਾ ਰਿਹਾ ਹੈ।