ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਸਿੱਖ ਆਗੂ ਆਮ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਰਹੇ ਹਨ ਪਰ ਇਸ ਵਾਰ ਦੀਆਂ ਚੋਣਾਂ ਦੌਰਾਨ ਦਿੱਲੀ ਤੋਂ ਪ੍ਰਭਾਵਸ਼ਾਲੀ ਸਿੱਖਾਂ ਨੇ ਅਜੇ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੋਈ ਅਹਿਮ ਸਰਗਰਮੀ ਨਹੀਂ ਵਿੱਢੀ ਹੈ। ਇਸ ਵਾਰ ਦਿੱਲੀ ਦੇ ਸਿੱਖ ਆਗੂਆਂ ਦਾ ਰੁਝਾਨ ਪੰਜਾਬ ਦੀਆਂ ਚੋਣਾਂ ਵੱਲ ਘੱਟ ਜਾਪਦਾ ਹੈ। ਕਰੋਨਾ ਕਾਰਨ ਚੋਣ ਸਭਾਵਾਂ ਲਈ ਕੋਵਿਡ-19 ਹਦਾਇਤਾਂ ਜਾਰੀ ਰਹਿਣ ਕਰਕੇ ਉਮੀਦਵਾਰਾਂ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਵਰਕਰਾਂ ਦੀ ਵੱਡੀ ਲੋੜ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 2017 ਦੌਰਾਨ ਵਰਕਰਾਂ ਦੀ ਕਮੀ ਨਹੀਂ ਸੀ ਤੇ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਹੋਰ ਅਹੁਦੇਦਾਰਾਂ ਦੀਆਂ ਸੇਵਾਵਾਂ ਲਈਆਂ ਸਨ। ਬੀਤੇ ਸਾਲਾਂ ਦੌਰਾਨ ਵੀ ਦਿੱਲੀ ਦੇ ਸਿੱਖ ਆਗੂ ਬਾਦਲ ਧੜੇ ਲਈ ਪੰਜਾਬ ਜਾ ਕੇ ਕਾਰਜ ਕਰਦੇ ਰਹੇ ਸਨ। ਇਸ ਵਾਰ ਦਿੱਲੀ ਦੇ ਨਾਮੀਂ ਸਿੱਖ ਆਗੂਆਂ ਜਿਵੇਂ ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰ ਮੈਂਬਰਾਂ ਨੇ ਅਜੇ ਪੰਜਾਬ ਦਾ ਰੁਖ਼ ਨਹੀਂ ਕੀਤਾ ਹੈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਨਜਿੰਦਰ ਸਿੰਘ ਸਿਰਸਾ (ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਪੰਜਾਬ ਵਿੱਚ ਕਾਰਜਸ਼ੀਲ ਹਨ) ਤੇ ਰਣਜੀਤ ਕੌਰ (ਹੁਣ ‘ਆਪ’ ਵਿੱਚ) ਵੀ ਪੰਜਾਬ ਜ਼ਿੰਮੇਵਾਰੀ ਨਿਭਾਉਂਦੇ ਰਹੇ ਸਨ। ਅਵਤਾਰ ਸਿੰਘ ਹਿਤ ਦਾ ਰਾਮਗੜ੍ਹੀਆ ਭਾਈਚਾਰੇ ’ਚ ਅਤੇ ਆਤਮਾ ਸਿੰਘ ਲੁਬਾਣਾ ਦਾ ਲੁਬਾਣਾ ਬਰਾਦਰੀ, ਰਵਿੰਦਰ ਸਿੰਘ ਖੁਰਾਣਾ ਦਾ ਟਰੱਕ ਕਾਰੋਬਾਰੀਆਂ ਅਤੇ ਭਜਨ ਸਿੰਘ ਵਾਲੀਆ ਦਾ ਸ਼ਹਿਰੀ ਸਿੱਖਾਂ ’ਚ ਅਸਰ ਰਿਹਾ ਹੈ।