ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਉਪਰ ਮੋਬਾਈਲ ਲਈ 5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਉਨ੍ਹਾਂ ਯਾਤਰੀਆਂ ਨੂੰ ਸੌਖ ਹੋਵੇਗੀ ਜਿਨ੍ਹਾਂ ਦੇ ਸਿੰਮ ਕਾਰਡ ਤੇ ਮੋਬਾਈਲ ਫੋਨ 5ਜੀ ਵਾਲੇ ਹੋਣਗੇ। 5ਜੀ ਦੇ ਸ਼ੁਰੂ ਹੋਣ ਨਾਲ ਹੁਣ ਯਾਤਰੀਆਂ ਨੂੰ ਉਡਾਣ ਤੇ ਉੱਤਰਨ ਸਮੇਂ ਜਿੱਥੇ ਤੇਜ਼ ਰਫ਼ਤਾਰ ਮੋਬਾਈਲ ਸੇਵਾਵਾਂ ਮਿਲਣਗੀਆਂ ਉੱਥੇ ਹੀ ਉਹ ਬਹੁਮੰਜ਼ਿਲੀ ਕਾਰ ਪਾਰਕਿੰਗ ਵਿੱਚ ਵੀ ਤੇਜ਼ ਰਫ਼ਤਾਰ ਮੋਬਾਈਲ ਸੇਵਾਵਾਂ ਲੈ ਸਕਣਗੇ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਬਿਹਤਰ ਸਿਗਨਲ ਤਾਕਤ, ਅਰਾਮ ਨਾਲ ਸੰਪਰਕ ਤੇ ਤੇਜ਼ ਰਫ਼ਤਾਰ ਡਾਟਾ ਮਿਲੇਗਾ। ਇਸ ਹਵਾਈ ਅੱਡੇ ਉਪਰ ਰਸਮੀ ਸ਼ੁਰੂਆਤ ਕਰਨ ਮਗਰੋਂ ਹੁਣ ਇਹ ਆਮ ਯਾਤਰੀਆਂ ਲਈ ਕੰਮ ਕਰਨ ਲੱਗਾ ਹੈ। ਟਰਮੀਨਲ 3 ਉਪਰ ਪੜਾਅਵਾਰ 5ਜੀ ਸੇਵਾਵਾਂ ਦੇ ਸਮੱਰਥ ਬਣਾਇਆ ਜਾ ਰਿਹਾ ਹੈ। ਦਿੱਲੀ ਕੌਮਾਂਤਰੀ ਏਅਰਪੋਰਟ ਲਿਮਟਿਡ ਦੇ ਮੁੱਖ ਕਾਰਜਸਾਧਕ ਅਧਿਕਾਰੀ ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ 5 ਜੀ ਨੈੱਟਵਰਕ ਤੇਜ਼ ਰਫ਼ਤਾਰ ਤੇ ਘੱਟ ਦੇਰੀ/ਰੁਕਾਵਟ ਨਾਲ ਕੰਮ ਕਰੇਗਾ। ਹਵਾਈ ਅੱਡੇ ’ਤੇ ਅਗਲੀ ਪੀੜ੍ਹੀ ਦੀ ਮੋਬਾਈਲ ਤਕਨਾਲੋਜੀ ਦੀ ਇਹ ਵਿਸ਼ੇਸ਼ਤਾ ਕੁਨੈਕਸ਼ਨ ਦੀ ਘਣਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ ਤੇ ਨਾਲ ਹੀ ਵਧੇਰੇ ਕੁਸ਼ਲਤਾਵਾਂ ਤੇ ਤੇਜ਼ੀ ਨਾਲ ਫ਼ੈਸਲਾ ਲੈਣ ਵਿੱਚ ਸਹਾਇਤਾ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ਨੂੰ 5ਜੀ ਨੈੱਟਵਰਕ ਲਈ ਤਿਆਰ ਕਰ ਦਿੱਤਾ ਹੈ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ (ਟੀਐੱਸਪੀ) ਦੁਆਰਾ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਤੋਂ ਬਾਅਦ ਯਾਤਰੀ ਇਸ ਦਾ ਲਾਭ ਲੈ ਸਕਦੇ ਹਨ। ਫਿਲਹਾਲ ਜ਼ਿਆਦਾਤਰ ਏਅਰਪੋਰਟ ਯਾਤਰੀਆਂ ਨੂੰ ਵਾਈ-ਫਾਈ ਰਾਹੀਂ ਵਾਇਰਲੈੱਸ ਸੇਵਾ ਪ੍ਰਦਾਨ ਕਰਦੇ ਹਨ।
ਦਿੱਲੀ ਹਵਾਈ ਅੱਡਾ ਦੇਸ਼ ਦਾ 5ਜੀ ਸੁਵਿਧਾ ਨਾਲ ਲੈਸ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਟਰਮੀਨਲ-3 ’ਤੇ 5ਜੀ-ਸਮਰੱਥ ਮੋਬਾਈਲ ਤੇ ਸਿਮ ਕਾਰਡ ਵਾਲੇ ਯਾਤਰੀ ਘਰੇਲੂ ਰਵਾਨਗੀ ਖੇਤਰ ਅਤੇ ਅੰਤਰਰਾਸ਼ਟਰੀ ਆਗਮਨ ਖੇਤਰ, ਟੀ-3 ਅਰਾਈਵਲਸ ਅਤੇ ਮਲਟੀ ਦੇ ਵਿਚਕਾਰ ਬਿਹਤਰ ਸਿਗਨਲ, ਕਨੈਕਟੀਵਿਟੀ ਅਤੇ ਹਾਈ-ਸਪੀਡ ਡੇਟਾ ਦਾ ਆਨੰਦ ਲੈਣ ਦੇ ਯੋਗ ਹੋਣਗੇ।
5ਜੀ ਨੈੱਟਵਰਕਸੇਵਾ ਦਿੱਲੀ ਸਮੇਤ ਦੇਸ਼ ਭਰ ਵਿੱਚ ਜਲਦ ਹੀ ਸ਼ੁਰੂ ਹੋ ਸਕਦੀ ਹੈ। 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਜਲਦੀ ਹੀ 5ਜੀ ਸੇਵਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਭਾਰਤ ਵਿੱਚ ਅਕਤੂਬਰ ਤੋਂ 5ਜੀ ਸੇਵਾ ਸ਼ੁਰੂ ਹੋ ਜਾਵੇਗੀ। ਇਸ ਕੜੀ ਵਿੱਚ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਕੰਪਨੀ ਨੇ ਵੀ ਐਲਾਨ ਕੀਤਾ ਹੈ ਕਿ ਅਕਤੂਬਰ ਮਹੀਨੇ ’ਚ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋ ਜਾਵੇਗੀ।