ਨਵੀਂ ਦਿੱਲੀ, 31 ਅਗਸਤ
ਆਮ ਆਦਮੀ ਪਾਰਟੀ ਨੇ ਭਾਜਪਾ ਦੇ ਅਪਰੇਸ਼ਨ ਲੋਟਸ ਦੀ ਸੀਬੀਆਈ ਤੋਂਂ ਜਾਂਚ ਕਰਵਾਉਣ ਦੀ ਮੰਗ ਲਈ ਅੱਜ ਇਥੇ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਆਪ ਨੇਤਾ ਆਤਿਸ਼ੀ ਨੇ ਕਿਹਾ ਸੀਕਿ ਦਿੱਲੀ ਵਿਚ ‘ਆਪ’ ਦੇ ਵਿਧਾਇਕ ਅੱਜ ਸੀਬੀਆਈ ਡਾਇਰੈਕਟਰ ਨੂੰ ਮਿਲਣਗੇ ਅਤੇ ਭਾਜਪਾ ਦੇ ਕਥਿਤ ‘ਅਪਰੇਸ਼ਨ ਲੋਟਸ’ ਦੀ ਜਾਂਚ ਦੀ ਮੰਗ ਕਰਨਗੇ। ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਦੇ ਅਪਰੇਸ਼ਨ ਲੋਟਸ ਤਹਿਤ ਦਿੱਲੀ ਦੇ ਵਿਧਾਇਕਾਂ ਨੂੰ ਖਰੀਣ ਦੀ ਕੋਸ਼ਿਸ ਵਜੋਂ ਕਰੋੜਾ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਆਤਿਸ਼ੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ‘ਆਪ’ ਦੇ 10 ਵਿਧਾਇਕਾਂ ਦਾ ਵਫ਼ਦ ਸੀਬੀਆਈ ਡਾਇਰੈਕਟਰ ਨੂੰ ਮਿਲੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਦਿੱਲੀ ਦੀ ਸੱਤਾਧਾਰੀ ਪਾਰਟੀ ਦੇ 40 ਵਿਧਾਇਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਨੂੰ ਪਾਲਾ ਬਦਲਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਆਤਿਸ਼ੀ ਨੇ ਦੋਸ਼ ਲਾਇਆ ਕਿ ਜਦੋਂ ਵੀ ਭਾਜਪਾ ਕਿਸੇ ਵੀ ਰਾਜ ਵਿੱਚ ਵਿਧਾਨ ਸਭਾ ਚੋਣਾਂ ਹਾਰਦੀ ਹੈ ਤਾਂ ਉਸ ਦਾ ‘ਅਪਰੇਸ਼ਨ ਲੋਟਸ’ ਉੱਥੋਂ ਦੀ ਵਿਰੋਧੀ ਸਰਕਾਰ ਨੂੰ ਘੇਰਨ ਲਈ ਸੀਬੀਆਈ ਅਤੇ ਈਡੀ ਦੀ ਵਰਤੋਂ ਨਾਲ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਵਾਅਦਾ ਕੀਤਾ ਜਾਂਦਾ ਹੈ ਕਿ ਜੇ ਉਹ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਕੇਸ ਵਾਪਸ ਲੈ ਲਏ ਜਾਣਗੇ। ਭਾਜਪਾ ਨੇ ਦੋਸ਼ ਨੂੰ ਖਾਰਜ ਕਰ ਦਿੱਤਾ ਹੈ।